ਹੁਣ ਘੱਟ ਪੈਸਿਆਂ ਕਾਰਨ ਵਿਦਿਆਰਥੀਆਂ ਦਾ ਚੰਗੇ ਸੰਸਥਾਨ ਤੋਂ ਉਚੇਰੀ ਪੜ੍ਹਾਈ ਕਰਨ ਦਾ ਸੁਪਨਾ ਚਕਨਾਚੂਰ ਨਹੀਂ ਹੋਵੇਗਾ। ਕੇਂਦਰ ਸਰਕਾਰ ਨੇ ਬਿਨਾਂ ਗਾਰੰਟਰ ਦੇ 10 ਲੱਖ ਰੁਪਏ ਤੱਕ ਦੇ ਸਿੱਖਿਆ ਕਰਜ਼ੇ ਲਈ ਇੱਕ ਯੋਜਨਾ ਸ਼ੁਰੂ ਕੀਤੀ ਹੈ, ਜਿਸ ਦਾ ਨਾਮ ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੈਠਕ ‘ਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਸ ਤਹਿਤ 8 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ 10 ਲੱਖ ਰੁਪਏ ਤੱਕ ਦਾ ਸਿੱਖਿਆ ਕਰਜ਼ਾ ਦਿੱਤਾ ਜਾਵੇਗਾ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੈਬਨਿਟ ਮੀਟਿੰਗ ਵਿੱਚ ਲਏ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਇਸ ‘ਤੇ 3 ਫੀਸਦੀ ਵਿਆਜ ਸਬਸਿਡੀ ਦੇਵੇਗੀ।ਉਨ੍ਹਾਂ ਦੱਸਿਆ ਕਿ ਉੱਚ ਸਿੱਖਿਆ ਸੰਸਥਾਨ (QHEIs) ਵਿੱਚ ਦਾਖਲਾ ਲੈਣ ਵਾਲਾ ਕੋਈ ਵੀ ਵਿਦਿਆਰਥੀ ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਦਾ ਲਾਭ ਲੈ ਸਕਦਾ ਹੈ। ਇਸ ਸਕੀਮ ਰਾਹੀਂ ਕਰਜ਼ਾ ਲੈਣ ਲਈ ਕਿਸੇ ਗਾਰੰਟਰ ਦੀ ਲੋੜ ਨਹੀਂ ਹੋਵੇਗੀ। ਇਹ ਕਰਜ਼ਾ ਪੜ੍ਹਾਈ ਨਾਲ ਸਬੰਧਤ ਸਮੁੱਚੀ ਫੀਸਾਂ ਅਤੇ ਹੋਰ ਖਰਚਿਆਂ ਨੂੰ ਪੂਰਾ ਕਰਨ ਲਈ ਹੋਵੇਗਾ।
ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਲਈ ਯੋਗਤਾ
ਜਿਸ ਸੰਸਥਾ ਵਿੱਚ ਉਚੇਰੀ ਪੜ੍ਹਾਈ ਲਈ ਦਾਖਲਾ ਲਿਆ ਗਿਆ ਹੈ, ਉਸ ਨੂੰ ਪੂਰੇ ਭਾਰਤ ਵਿੱਚ NIRF ਰੈਂਕਿੰਗ ਵਿੱਚ 100 ਅਤੇ ਰਾਜ ਵਿੱਚ 200 ਜਾਂ ਇਸ ਤੋਂ ਘੱਟ ਰੈਂਕਿੰਗ ਦਿੱਤੀ ਜਾਣੀ ਚਾਹੀਦੀ ਹੈ। ਇਹ ਸੰਸਥਾ ਸਰਕਾਰੀ ਹੋਣੀ ਚਾਹੀਦੀ ਹੈ।
ਵਿਦਿਆਰਥੀਆਂ ਦੀ ਸਾਲਾਨਾ ਆਮਦਨ 8 ਲੱਖ ਰੁਪਏ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਤਹਿਤ ਹਰ ਸਾਲ 1 ਲੱਖ ਵਿਦਿਆਰਥੀਆਂ ਨੂੰ ਕਰਜ਼ਾ ਦਿੱਤਾ ਜਾਵੇਗਾ।
ਭਾਰਤ ਸਰਕਾਰ 7.5 ਲੱਖ ਰੁਪਏ ਤੱਕ ਦੇ ਕਰਜ਼ਿਆਂ ਲਈ 75% ਕ੍ਰੈਡਿਟ ਗਰੰਟੀ ਪ੍ਰਦਾਨ ਕਰੇਗੀ।
ਅਰਜ਼ੀ ਕਿਵੇਂ ਦੇਣੀ ਹੈ?
ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਲਈ ਅਰਜ਼ੀ ਆਨਲਾਈਨ ਦੇਣੀ ਪਵੇਗੀ। ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਦੀ ਤਸਦੀਕ ਡਿਜੀਲੌਕਰ ਵਰਗੇ ਮਾਧਿਅਮ ਰਾਹੀਂ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਤਹਿਤ ਹਰ ਸਾਲ 1 ਲੱਖ ਵਿਦਿਆਰਥੀਆਂ ਨੂੰ ਸਿੱਖਿਆ ਕਰਜ਼ਾ ਦਿੱਤਾ ਜਾਵੇਗਾ। ਇਸਦੇ ਲਈ ਅਰਜ਼ੀ ਵਿਦਿਆਲਕਸ਼ਮੀ ਪੋਰਟਲ https://www.vidyalakshmi.co.in/ ‘ਤੇ ਜਾ ਕੇ ਦੇਣੀ ਪਵੇਗੀ।
ਇਸ ਦੇ ਦਾਇਰੇ ‘ਚ 22 ਲੱਖ ਵਿਦਿਆਰਥੀ ਆਉਣਗੇ
ਦੇਸ਼ ਦੀਆਂ 860 ਵੱਡੀਆਂ ਉੱਚ ਸੰਸਥਾਵਾਂ ਦੇ 22 ਲੱਖ ਤੋਂ ਵੱਧ ਵਿਦਿਆਰਥੀ ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਦੇ ਦਾਇਰੇ ਵਿੱਚ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਵਿਦਿਆਲਕਸ਼ਮੀ ਯੋਜਨਾ ਦੇ ਤਹਿਤ 4.5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਪੂਰੀ ਵਿਆਜ ਸਬਸਿਡੀ ਮਿਲ ਰਹੀ ਹੈ।ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਰਾਸ਼ਟਰੀ ਸਿੱਖਿਆ ਨੀਤੀ, 2020 ਦਾ ਵਿਸਤਾਰ ਹੈ।