ਜਗਰਾਓਂ / ਲੁਧਿਆਣਾ : ਸਿੱਖਾਂ ਦੇ ਸਰਵਉੱਚ ਸ੍ਰੀ ਦਰਬਾਰ ਸਾਹਿਬ ਅਤੇ ਕਪੂਰਥਲਾ ਦੇ ਨਿਜਾਮਪੁਰ ਵਿਖੇ ਬੇਅਦਬੀ ਦੀਆਂ ਘਟਨਾਵਾਂ, ਘਟਨਾ ਨਹੀਂ ਇਕ ਵੱਡੀ ਸਾਜ਼ਿਸ਼ ਹੈ। ਸੰਗਤ ਨੇ ਦੋਵਾਂ ਥਾਵਾਂ ‘ਤੇ ਕਸੂਰਵਾਰਾਂ ਨੂੰ ਮੌਕੇ ‘ਤੇ ਸਜ਼ਾ ਦੇ ਦਿੱਤੀ। ਹੁਣ ਸਰਕਾਰ ਇਸ ਦੇ ਪਿੱਛੇ ਸਾਜ਼ਿਸ਼ ਰਚਣ ਵਾਲਿਆਂ ਨੂੰ ਬੇਪਰਦਾ ਕਰੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਸਮਾਜ ਦੇ ਮੁਖੀ ਅਤੇ ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਸੰਤ ਬਾਬਾ ਘਾਲਾ ਸਿੰਘ ਨੇ ਕੀਤਾ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਗੰ੍ਥੀ ਸਿੰਘਾਂ, ਸੇਵਾਦਾਰਾਂ ਅਤੇ ਸੰਗਤਾਂ ਦੀ ਚੌਕਸੀ ‘ਤੇ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰੇ ਗੁਰੂ ਘਰਾਂ ਵਿਚ ਹੁਣ ਇਸੇ ਤਰਾਂ ਦੀ ਚੌਕਸੀ ਦੀ ਲੋੜ ਹੈ।
ਸੰਤ ਬਾਬਾ ਘਾਲਾ ਸਿੰਘ ਨੇ ਕਿਹਾ ਕਿ ਪਿਛਲੇ 5-7 ਸਾਲਾਂ ਤੋਂ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ‘ਤੇ ਸਰਕਾਰਾਂ ਵੱਲੋਂ ਪੰਜਾਬ ਦਾ ਮਾਹੌਲ ਵਿਗਾੜਨ ਅਤੇ ਇਸ ਪਿੱਛੇ ਵੱਡੀ ਸਾਜ਼ਿਸ਼ ਦੇ ਖਦਸੇ ਪ੍ਰਗਟ ਜ਼ਰੂਰ ਕੀਤੇ ਜਾਂਦੇ ਹਨ ਪਰ ਅੱਜ ਤਕ ਇਨ੍ਹਾਂ ਦੀ ਤੈਅ ਤਕ ਨਾ ਪਹੁੰਚਣਾ ਇਕ ਵੱਡੀ ਘਾਟ ਦਾ ਸਬੂਤ ਹੈ। ਜਦਕਿ ਇਸ ਦੇ ਲਈ ਜਾਂਚ ਏਜੰਸੀਆਂ ਨੂੰ ਸਖਤ ਨਿਰਦੇਸ਼ ਦਿੰਦਿਆਂ ਸਿੱਖਾਂ ਦੇ ਹਿਰਦੇ ਵਲੂੰਧਰਨ ਵਾਲੀਆਂ ਘਟਨਾਵਾਂ ਦੇ ਦੋਸ਼ੀਆਂ, ਸਾਜਿਸ਼ਕਰਤਾਵਾਂ ਅਤੇ ਧਰਮ ਵਿਰੋਧੀ ਤਾਕਤਾਂ ਨੂੰ ਬੇਨਕਾਬ ਕਰਕੇ ਸਿੱਖ ਸੰਗਤ ਸਾਹਮਣੇ ਸੱਚਾਈ ਲਿਆਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਸ ਤੋਂ ਪਹਿਲਾਂ ਵੀ ਬੇਅਦਬੀ ਦੀ ਹੋਈਆਂ ਘਟਨਾਵਾਂ ਵਿਚ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ। ਇਸ ਤੋਂ ਬਾਅਦ ਵੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿਚ ਕਾਨੂੰਨ ਦਾ ਅਸਫ਼ਲ ਰਹਿਣਾ ਉਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਹੈ। ਜਿਸ ਕਾਰਨ ਹੁੁਣ ਸਿੱਖ ਸੰਗਤ ਨੇ ਹੀ ਕਾਨੂੰਨ ਤੋਂ ਆਸ ਛੱਡਦਿਆਂ ਕੱਲ੍ਹ ਅਤੇ ਅੱਜ ਦੀਆਂ ਘਟਨਾਵਾਂ ‘ਚ ਦੋਸ਼ੀਆਂ ਨੂੰ ਮੌਕੇ ‘ਤੇ ਹੀ ਸਜ਼ਾ ਦਿੱਤੀ।