ਫਿੱਟ ਤੇ ਸਿਹਤਮੰਦ ਰਹਿਣ ਲਈ ਪੌਸ਼ਟਿਕ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਵਿਟਾਮਿਨ ਤੇ ਖਣਿਜ ਪ੍ਰਾਪਤ ਕਰਨ ਲਈ ਤਾਜ਼ੇ ਫਲ ਤੇ ਸਬਜ਼ੀਆਂ ਦੇ ਨਾਲ-ਨਾਲ ਸੁੱਕੇ ਮੇਵੇ ਤੇ ਦੁੱਧ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਦੇਸੀ ਘਿਓ ਵੀ ਪੌਸਟਿਕ ਤੱਤਾਂ ਦਾ ਖਜ਼ਾਨਾ ਹੈ ਪਰ ਸ਼ਹਿਰੀ ਜੀਵਨ ਸ਼ੈਲੀ ਕਰਕੇ ਬਹੁਤੇ ਲੋਕ ਇਸ ਦਾ ਜ਼ਿਆਦਾ ਸੇਵਨ ਕਰਨ ਤੋਂ ਡਰਦੇ ਹਨ। ਡਾਕਟਰ ਵੀ ਘੱਟ ਸਰੀਰਕ ਕੰਮ ਕਰਨ ਵਾਲਿਆਂ ਨੂੰ ਦੇਸੀ ਘਿਓ ਦਾ ਸੇਵਨ ਕਰਨ ਤੋਂ ਵਰਜ਼ਦੇ ਹਨ। ਬੇਸ਼ੱਕ ਕੁਝ ਹੱਦ ਤੱਕ ਇਹ ਸੱਚਾਈ ਹੈ ਕਿ ਘੱਟ ਸਰੀਰਕ ਕੰਮ ਕਰਨ ਵਾਲਿਆਂ ਲਈ ਦੇਸੀ ਘਿਓ ਹਜ਼ਮ ਕਰਨਾ ਔਖਾ ਹੁੰਦਾ ਹੈ ਪਰ ਇਸ ਨੂੰ ਸਹੀ ਤਰੀਕੇ ਨਾਲ ਖਾਧਾ ਜਾ ਸਕਦਾ ਹੈ।
ਦਰਅਸਲ ਅੱਜਕੱਲ੍ਹ ਲੋਕਾਂ ਦੀ ਜੀਵਨ ਸ਼ੈਲੀ ਤੇ ਖਾਣ-ਪੀਣ ਦੀਆਂ ਆਦਤਾਂ ਇੰਨੀਆਂ ਵਿਗੜ ਗਈਆਂ ਹਨ ਕਿ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਗੰਭੀਰ ਬਿਮਾਰੀਆਂ ਹੋਣ ਲੱਗਦੀਆਂ ਹਨ। ਸ਼ੂਗਰ ਵਰਗੀ ਬਿਮਾਰੀ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ। ਕੁਝ ਲੋਕ ਦੁੱਧ ‘ਚ ਚੀਨੀ ਮਿਲਾਉਂਦੇ ਹਨ ਤੇ ਕੁਝ ਲੋਕ ਇਸ ‘ਚ ਹਲਦੀ ਮਿਲਾਉਂਦੇ ਹਨ। ਕੁਝ ਲੋਕ ਅਜਿਹੇ ਹਨ ਜੋ ਦੁੱਧ ਵਿੱਚ ਦੇਸੀ ਘਿਓ ਮਿਲਾ ਕੇ ਪੀਣਾ ਪਸੰਦ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਦੁੱਧ ‘ਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਦੁੱਧ ‘ਚ ਦੇਸੀ ਘਿਓ ਮਿਲਾ ਕੇ ਪੀਣ ਦੇ ਕੀ-ਕੀ ਫਾਇਦੇ ਹਨ….
1. ਪਾਚਨ ਕਿਰਿਆ ‘ਚ ਸੁਧਾਰ : ਦੁੱਧ ਵਿੱਚ ਇੱਕ ਚਮਚ ਦੇਸੀ ਘਿਓ ਮਿਲਾ ਕੇ ਰੋਜ਼ਾਨਾ ਪੀਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਤੇ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਰੋਜ਼ਾਨਾ ਦੇਸੀ ਘਿਓ ਦੇ ਨਾਲ ਦੁੱਧ ਦਾ ਸੇਵਨ ਕਰ ਸਕਦੇ ਹੋ।
2. ਇਮਿਊਨਿਟੀ ਬੂਸਟਰ : ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਦੁੱਧ ਵਿੱਚ ਦੇਸੀ ਘਿਓ ਮਿਲਾ ਕੇ ਪੀਣਾ ਚਾਹੀਦਾ ਹੈ। ਇਹ ਇਮਿਊਨਿਟੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਤੇ ਸਰੀਰ ਦੇ ਐਨਰਜੀ ਲੈਵਲ ਨੂੰ ਬਰਕਰਾਰ ਰੱਖਦਾ ਹੈ। ਇੰਨਾ ਹੀ ਨਹੀਂ ਦੁੱਧ ਤੇ ਘਿਓ ਅੰਤੜੀਆਂ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
3. ਜੋੜਾਂ ਦੇ ਦਰਦ ਤੋਂ ਰਾਹਤ : ਜੇਕਰ ਤੁਸੀਂ ਅਕਸਰ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਤੁਸੀਂ ਦੇਸੀ ਘਿਓ ਵਾਲੇ ਦੁੱਧ ਦਾ ਸੇਵਨ ਕਰ ਸਕਦੇ ਹੋ। ਦੇਸੀ ਘਿਓ ਵਿੱਚ ਓਮੇਗਾ 3 ਦੇ ਨਾਲ-ਨਾਲ ਓਮੇਗਾ 6 ਫੈਟੀ ਐਸਿਡ ਵੀ ਹੁੰਦਾ ਹੈ, ਜੋ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦਾ ਹੈ ਤੇ ਜੋੜਾਂ ਦੇ ਖਿਚਾਅ ਤੋਂ ਵੀ ਰਾਹਤ ਦਿੰਦਾ ਹੈ।
4. ਤਾਕਤ ਵਧਾਉਂਦਾ : ਦੁੱਧ ਤੇ ਦੇਸੀ ਘਿਓ ਦੋਵਾਂ ਨੂੰ ਤਾਕਤ ਵਾਲਾ ਭੋਜਨ ਮੰਨਿਆ ਜਾਂਦਾ ਹੈ। ਇਨ੍ਹਾਂ ਦੋਵਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਤੇ ਸਟੈਮਿਨਾ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ‘ਚ ਵੀ ਕਾਫੀ ਮਦਦਗਾਰ ਸਾਬਤ ਹੋ ਸਕਦਾ ਹੈ।