ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀਆਂ ਕਣਕ ਦੀਆਂ ਤਿੰਨ ਕਿਸਮਾਂ ਦੀ ਪਛਾਣ ਰਾਸ਼ਟਰੀ ਪੱਧਰ ਤੇ ਜਾਰੀ ਕਰਨ ਲਈ ਕੀਤੀ ਗਈ ਹੈ। ਇਹ ਪਹਿਲੀ ਵਾਰ ਹੈ ਕਿ ਇੱਕੋ ਸਮੇਂ ਪੀ.ਏ.ਯੂ.ਦੀਆਂ ਕਣਕ ਦੀਆਂ ਤਿੰਨ ਕਿਸਮਾਂ ਰਾਸ਼ਟਰੀ ਪੱਧਰ ’ਤੇ ਜਾਰੀ ਹੋ ਰਹੀਆਂ ਹਨ। ਇਹ ਗੱਲ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕਹੀ। ਡਾ. ਗੋਸਲ ਨੇ ਦੱਸਿਆ ਕਿ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਕਿਸਮ ਪਛਾਣ ਕਮੇਟੀ ਨੇ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਪੀ.ਏ.ਯੂ. ਦੁਆਰਾ ਵਿਕਸਤ ਕਣਕ ਦੀਆਂ ਤਿੰਨ ਕਿਸਮਾਂ ਪੀ.ਬੀ.ਡਬਲਯੂ 826, ਪੀ.ਬੀ.ਡਬਲਯੂ 833 ਅਤੇ ਪੀ.ਬੀ.ਡਬਲਯੂ 872 ਦੀ ਰਾਸ਼ਟਰੀ ਪੱਧਰ ਤੇ ਜਾਰੀ ਕਰਨ ਲਈ ਪਛਾਣ ਕੀਤੀ ਹੈ।
ਨਵੀਆਂ ਕਿਸਮਾਂ ਦੇ ਗੁਣਾਂ ਬਾਰੇ ਦੱਸਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਪੀ.ਬੀ.ਡਬਲਯੂ 826 ਦੀ ਭਾਰਤ ਦੇ ਉੱਤਰੀ ਪੱਛਮੀ ਮੈਦਾਨੀ ਜ਼ੋਨ ਜਿਸ ਵਿੱਚ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ, ਜੰਮੂ ਅਤੇ ਹਿਮਾਚਲ ਪ੍ਰਦੇਸ਼ ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸੇ ਸ਼ਾਮਲ ਹਨ, ਵਿੱਚ ਸਮੇਂ ਸਿਰ ਬਿਜਾਈ ਲਈ ਪਛਾਣ ਕੀਤੀ ਗਈ ਹੈ। । ਇਹ ਕਿਸਮ ਤਿੰਨ ਸਾਲਾਂ ਦੀ ਜਾਂਚ ਦੌਰਾਨ ਜ਼ੋਨ ਵਿੱਚ ਅਨਾਜ ਦੀ ਪੈਦਾਵਾਰ ਲਈ ਪਹਿਲੇ ਸਥਾਨ ’ਤੇ ਹੈ।
ਇਸ ਨੇ ਉੱਤਰੀ ਪੱਛਮੀ ਮੈਦਾਨੀ ਜ਼ੋਨ ਵਿੱਚ ਔਸਤਨ 63.6 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦਰਜ ਕਰਾਇਆ ਅਤੇ ਹੋਰ ਕਿਸਮਾਂ ਐੱਚ ਡੀ-2967, ਐੱਚ ਡੀ-3086, ਡੀ ਬੀ ਡਬਲਯੂ-187, ਡੀ ਬੀ ਡਬਲਯੂ-222 ਅਤੇ ਡਬਲਯੂ ਐੱਚ-1105 ਵਿੱਚ ਕ੍ਰਮਵਾਰ 24.0, 10.2, 8.5, 4.9, 10 ਪ੍ਰਤੀਸ਼ਤ ਦਾ ਝਾੜ ਦਿੱਤਾ। ਇਸ ਵਿੱਚ ਉੱਚ ਹੈਕਟੋਲੀਟਰ ਭਾਰ ਵਾਲੇ ਮੋਟੇ ਦਾਣੇ ਹੁੰਦੇ ਹਨ ਅਤੇ ਇਹ ਮਾਤਰਾ ਅਤੇ ਗੁਣਵੱਤਾ ਵਿੱਚ ਵਧੀਆ ਆਟਾ ਪੈਦਾ ਕਰਦੀ ਹੈ।
ਇਸ ਤੋਂ ਇਲਾਵਾ ਵੱਧ ਝਾੜ ਕਾਰਨ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਝਾਰਖੰਡ, ਉੜੀਸਾ, ਅਸਾਮ ਅਤੇ ਉੱਤਰੀ ਪੂਰਬੀ ਰਾਜਾਂ ਦੇ ਮੈਦਾਨੀ ਜ਼ੋਨ ਦੀਆਂ ਸੇਂਜੂ ਹਾਲਤਾਂ ਵਿੱਚ ਬੀਜਣ ਲਈ ਪੀ.ਬੀ.ਡਬਲਯੂ-826 ਦੀ ਵੀ ਪਛਾਣ ਕੀਤੀ ਗਈ ਸੀ। ਡਾ. ਗੋਸਲ ਨੇ ਦੱਸਿਆ ਕਿ ਭਾਰਤ ਦੇ ਦੋ ਮੁੱਖ ਕਣਕ ਉਗਾਉਣ ਵਾਲੇ ਖੇਤਰਾਂ ਲਈ ਇੱਕੋ ਸਮੇਂ ਕਣਕ ਦੀ ਇੱਕੋ ਕਿਸਮ ਦੀ ਪਛਾਣ ਬੇਹੱਦ ਵਿਲੱਖਣ ਗੱਲ ਹੈ
ਹੋਰ ਦੋ ਕਿਸਮਾਂ ਬਾਰੇ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਪੀ.ਬੀ.ਡਬਲਯੂ-833 ਨੂੰ ਭਾਰਤ ਦੇ ਉੱਤਰੀ ਪੂਰਬੀ ਮੈਦਾਨੀ ਵੱਧ ਝਾੜ, ਕੁੰਗੀਆਂ ਦਾ ਸਾਹਮਣਾ ਕਰਨ ਦੀ ਸਮਰਥਾ ਅਤੇ ਉੱਚ ਪ੍ਰੋਟੀਨ ਸਮੱਗਰੀ ਦੇ ਕਾਰਨ ਸੇਂਜੂ ਹਾਲਤਾਂ ਵਿੱਚ ਦੇਰ ਨਾਲ ਬੀਜੀ ਜਾਣ ਵਾਲੀ ਕਿਸਮ ਵਜੋਂ ਪਛਾਣਿਆ ਗਿਆ ਹੈ। ਕੁੰਗੀਆਂ ਦਾ ਸਾਹਮਣਾ ਕਰਨ ਦੀ ਇਹ ਸਮਰਥਾ ਜੰਗਲੀ ਕਣਕ ਦੇ ਜੀਨਾਂ ਤੋਂ ਇਸ ਕਿਸਮ ਵਿੱਚ ਰੂਪਾਂਤਰਿਤ ਕੀਤੀ ਗਈ ਹੈ । ਪੀ.ਬੀ.ਡਬਲਯੂ-872 ਨੂੰ ਸੇਂਜੂ ਹਾਲਤਾਂ ਵਿੱਚ ਭਾਰਤ ਦੇ ਉੱਤਰੀ ਪੱਛਮੀ ਮੈਦਾਨੀ ਜ਼ੋਨ ਵਿੱਚ ਅਗੇਤੀ ਬਿਜਾਈ ਲਈ ਢੁੱਕਵੀਂ ਕਿਸਮ ਵਜੋਂ ਪਛਾਣਿਆ ਗਿਆ ।