ਲੁਧਿਆਣਾ : ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਆਈਪੀਐਸ ਅਧਿਕਾਰੀ ਕੌਸਤੁਭ ਸ਼ਰਮਾ ਨੇ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਪੁਲਸ ਲਾਈਨ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਸਾਬਕਾ ਸੀਪੀ ਗੁਰਪ੍ਰੀਤ ਭੁੱਲਰ ਨਾਲ ਆਪਣੇ ਵੱਲੋਂ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਸੀ। ਕੁਝ ਦੇਰ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪੁਲਸ ਕਮਿਸ਼ਨਰ ਦਫਤਰ ਪਹੁੰਚੇ ਅਤੇ ਉਥੇ ਗਾਰਡ ਆਫ ਆਨਰ ਲੈਣ ਤੋਂ ਬਾਅਦ ਅਹੁਦਾ ਸੰਭਾਲਿਆ।
ਸੀਨੀਅਰ ਆਈਪੀਐਸ ਕੌਸਤੁਭ ਸ਼ਰਮਾ ਨੂੰ ਪਿਛਲੇ ਦਿਨੀ ਲੁਧਿਆਣਾ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਸਰਕਾਰ ਨੇ ਸ਼ੁੱਕਰਵਾਰ ਸ਼ਾਮ ਨੂੰ ਤਬਾਦਲੇ ਦੇ ਹੁਕਮ ਜਾਰੀ ਕੀਤੇ ਸਨ। ਕੌਸਤੁਭ ਸ਼ਰਮਾ ਜੋ ਪੰਜਾਬ ਪੁਲਿਸ ਦੇ ਕਈ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ, 2001 ਬੈਚ ਦੇ ਆਈਪੀਐਸ ਅਧਿਕਾਰੀ ਹਨ। ਲਗਭਗ 22 ਸਾਲ ਬਾਅਦ ਉਹ ਫਿਰ ਲੁਧਿਆਣਾ ਵਿਚ ਤਾਇਨਾਤ ਹੋ ਰਹੇ ਹਨ । ਇਸ ਤੋਂ ਪਹਿਲਾਂ ਉਹ 2001 ਚ ਪ੍ਰਮੋਸ਼ਨ ਦੌਰਾਨ ਏ ਸੀ ਪੀ ਹੈੱਡਕੁਆਰਟਰ ਰਹਿ ਚੁੱਕੇ ਹਨ।
ਇਸ ਮੌਕੇ ਆਈਪੀਐਸ ਕੌਸਤੁਭ ਸ਼ਰਮਾ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣਾ ਅਤੇ ਅਮਨ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਉਨ੍ਹਾਂ ਦੀ ਤਰਜੀਹ ਹੈ। ਪੁਲਿਸ ਕਮਿਸ਼ਨਰ ਵਜੋਂ ਇਹ ਉਨ੍ਹਾਂ ਦਾ ਪਹਿਲਾ ਕਾਰਜਕਾਲ ਹੈ। ਇਸ ਤੋਂ ਪਹਿਲਾਂ ਉਹ ਐੱਸਐੱਸਪੀ ਫ਼ਤਹਿਗੜ੍ਹ ਸਾਹਿਬ, ਆਈਜੀ ਫ਼ਰੀਦਕੋਟ ਰੇਂਜ, ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜ਼ੋਨਲ ਹੈੱਡ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਹੁਣ ਉਹ ਆਈਜੀ ਹੈੱਡਕੁਆਰਟਰ ਵਜੋਂ ਸੇਵਾ ਨਿਭਾਅ ਰਹੇ ਸਨ।