Connect with us

ਖੇਤੀਬਾੜੀ

ਕਿਸਾਨ ਤੱਕ ਖੇਤੀ ਜਾਣਕਾਰੀ ਪਹੁੰਚਾਉਣ ਲਈ ਕਿਸਾਨ ਦੀ ਭਾਸ਼ਾ ਅਪਨਾਉਣ ਦੀ ਲੋੜ : ਵਾਈਸ ਚਾਂਸਲਰ

Published

on

Need to adopt farmer's language to convey agricultural information to the farmer: Vice Chancellor

ਲੁਧਿਆਣਾ : ਪੀ.ਏ.ਯੂ. ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਅੱਜ ਮੰਗਲਵਾਰ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਆਰੰਭ ਹੋਈ । ਇਸ ਵਿੱਚ ਮੁੱਖ ਮਹਿਮਾਨ ਵਜੋਂ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਸ਼ਾਮਿਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਨਿਰਦੇਸ਼ਕ ਖੇਤੀਬਾੜੀ ਪੰਜਾਬ ਡਾ. ਗੁਰਵਿੰਦਰ ਸਿੰਘ ਆਨਲਾਈਨ ਆਰੰਭਕ ਸੈਸ਼ਨ ਨਾਲ ਜੁੜੇ ।

ਡਾ. ਗੋਸਲ ਨੇ ਆਪਣੇ ਆਰੰਭਕ ਭਾਸ਼ਣ ਵਿੱਚ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੀ ਨਿਵੇਕਲੀ ਸਾਂਝ ਦਾ ਜ਼ਿਕਰ ਕੀਤਾ । ਉਹਨਾਂ ਕਿਹਾ ਕਿ ਇਹ ਸਾਂਝ ਭਾਰਤ ਵਿੱਚ ਹੋਰ ਕਿਤੇ ਨਹੀਂ ਮਿਲਦੀ ਅਤੇ ਇਸ ਸਾਂਝ ਨੂੰ ਕਿਸਾਨੀ ਅਤੇ ਖੇਤੀਬਾੜੀ ਦੀ ਬਿਹਤਰੀ ਲਈ ਹੋਰ ਪਕੇਰਾ ਕਰਨ ਦੀ ਲੋੜ ਹੈ । ਡਾ. ਗੋਸਲ ਨੇ ਕਿਹਾ ਕਿ ਖੇਤੀ ਖੋਜ ਅਤੇ ਪਸਾਰ ਮਾਹਿਰਾਂ ਦਾ ਧਰਤੀ ਨਾਲ ਜੁੜੇ ਹੋਣਾ ਅਤੇ ਕਿਸਾਨ ਦੀ ਭਾਸ਼ਾ ਵਿੱਚ ਗੱਲ ਕਰਨ ਦੇ ਸਮਰੱਥ ਹੋਣਾ ਵਿਸ਼ੇਸ਼ ਗੁਣ ਹੈ ।

ਉਹਨਾਂ ਆਪਣੇ ਬਚਪਨ ਅਤੇ ਮੁੱਢਲੇ ਸਾਲਾਂ ਬਾਰੇ ਗੈਰ ਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਖੇਤੀ ਦਾ ਕਿੱਤਾ ਸਖਤ ਜੀਅ ਜਾਨ ਵਾਲੇ ਲੋਕਾਂ ਦਾ ਖੇਤਰ ਹੈ । ਡਾ. ਗੋਸਲ ਨੇ ਕਿਹਾ ਕਿ ਚਾਹੇ ਖੋਜ ਦੀ ਗੱਲ ਹੋਵੇ ਜਾਂ ਢਾਂਚੇ ਦੀ ਪੀ.ਏ.ਯੂ. ਨੂੰ ਨਵਿਆਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ । ਉਹਨਾਂ ਆਪਣੇ ਭਾਸ਼ਣ ਵਿੱਚ ਵਾਤਾਵਰਨੀ ਬਦਲਾਅ ਬਾਰੇ ਫਿਕਰਮੰਦੀ ਜ਼ਾਹਿਰ ਕੀਤੀ । ਉਹਨਾਂ ਕਿਹਾ ਕਿ ਕਣਕ ਦੀ ਮੰਗ ਕੌਮਾਂਤਰੀ ਬਜ਼ਾਰ ਦੇ ਮੱਦੇਨਜ਼ਰ ਵਧ ਸਕਦੀ ਹੈ ਇਸਲਈ ਬਿਹਤਰ ਕਾਸ਼ਤ ਤਰੀਕਿਆਂ ਨੂੰ ਅਪਨਾਉਣ ਦੀ ਲੋੜ ਹੈ ।

ਡਾ. ਗੋਸਲ ਨੇ ਕਿਹਾ ਕਿ ਬੀਤੇ ਵਰ੍ਹੇ ਕਣਕ ਦੀ ਫ਼ਸਲ ਵਿੱਚ ਤਾਪ ਦਬਾਅ ਦੇਖਣ ਵਿੱਚ ਆਇਆ ਸੀ, ਇਸ ਲਈ ਸਾਨੂੰ ਅਜਿਹੀਆਂ ਕਿਸਮਾਂ ਵਿੱਚ ਜੈਨੇਟਿਕ ਬਦਲਾਅ ਕਰਨੇ ਪੈਣਗੇ ਜੋ ਮੌਸਮ ਦੇ ਬਦਲਾਅ ਨੂੰ ਸਹਿਣ ਕਰ ਸਕਣ । ਉਹਨਾਂ ਕਿਹਾ ਕਿ ਤੇਲ ਬੀਜਾਂ ਅਤੇ ਸਬਜ਼ੀਆਂ ਵਿੱਚ ਵਾਤਾਵਰਨ ਕਾਰਨ ਆਉਣ ਵਾਲੀਆਂ ਤਬਦੀਲੀਆਂ ਦੇ ਮਸਲੇ ਨੂੰ ਵੀ ਜੀਨ ਸੁਧਾਰ ਰਾਹੀਂ ਨਜਿੱਠੇ ਜਾਣ ਦੀ ਲੋੜ ਹੈ । ਡਾ. ਗੋਸਲ ਨੇ ਕਿਹਾ ਕਿ ਸਪੀਡ ਬਰੀਡਿੰਗ ਵਰਗੀਆਂ ਨਵੀਆਂ ਤਕਨੀਕਾਂ ਅਪਨਾਉਣੀਆਂ ਪੈਣਗੀਆਂ ।

ਨਿਰਦੇਸ਼ਕ ਖੇਤੀਬਾੜੀ ਡਾ. ਗੁਰਵਿੰਦਰ ਸਿੰਘ ਨੇ ਆਨਲਾਈਨ ਜੁੜ ਕੇ ਆਪਣੀ ਟਿੱਪਣੀ ਕੀਤੀ । ਉਹਨਾਂ ਦੱਸਿਆ ਕਿ ਪੰਜਾਬ ਵਿੱਚ 98% ਰਕਬਾ ਸਿੰਚਾਈ ਯੋਗ ਹੈ । ਇਸ ਵਿੱਚੋਂ 72% ਟਿਊਬਵੈੱਲ ਰਾਹੀਂ ਅਤੇ ਬਾਕੀ ਨਹਿਰੀ ਪਾਣੀ ਰਾਹੀਂ ਸਿੰਜਿਆ ਜਾਂਦਾ ਹੈ । ਉਹਨਾਂ ਕਿਹਾ ਕਿ ਸਾਡੀ ਫ਼ਸਲੀ ਘਣਤਾ 200% ਤੱਕ ਪਹੁੰਚ ਗਈ ਹੈ । ਇਹਨਾਂ ਦੇ ਨਾਲ-ਨਾਲ ਹੁਣ ਕੁਦਰਤੀ ਸੋਮਿਆਂ ਦੀ ਸੰਭਾਲ ਦਾ ਮੁੱਦਾ ਅਹਿਮ ਹੈ । ਕਣਕ-ਝੋਨਾ ਦੇ ਫ਼ਸਲੀ ਚੱਕਰ ਦੀ ਥਾਂ ਰਵਾਇਤੀ ਫ਼ਸਲਾਂ ਦੀ ਕਾਸ਼ਤ ਨੂੰ ਥਾਂ ਦੇਣੀ ਹੋਵੇਗੀ ।

ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਖੇਤੀ ਵਿਭਿੰਨਤਾ ਨੂੰ ਸਿਰਫ ਸਾਉਣੀ ਨਾਲ ਜੋੜਿਆ ਜਾਂਦਾ ਹੈ ਜਦਕਿ ਹਾੜ੍ਹੀ ਵਿੱਚ ਖੇਤੀ ਵਿਭਿੰਨਤਾ ਅਪਨਾਉਣ ਦੀ ਲੋੜ ਹੈ । ਉਹਨਾਂ ਦੱਸਿਆ ਕਿ ਆਉਂਦੇ ਹਾੜ੍ਹੀ ਸੀਜ਼ਨ ਦੌਰਾਨ ਕਣਕ ਹੇਠ ਰਕਬਾ ਘਟਾ ਕੇ ਹੋਰ ਫ਼ਸਲਾਂ ਜਿਵੇਂ ਸਰ੍ਹੋਂ, ਤਾਰਾਮੀਰਾ ਆਦਿ ਹੇਠ ਵਧਾਉਣ ਦਾ ਟੀਚਾ ਮਿਥਿਆ ਗਿਆ ਹੈ । ਇਸੇ ਤਰ੍ਹਾਂ ਛੋਲਿਆਂ ਹੇਠ ਵੀ ਰਕਬਾ ਵਧਾਉਣ ਲਈ ਪਸਾਰ ਮਾਹਿਰਾਂ ਨੂੰ ਖਾਸ ਕਾਰਜ ਕਰਨ ਦੀ ਲੋੜ ਹੈ । ਉਹਨਾਂ ਕਿਹਾ ਕਿ ਪੀ.ਏ.ਯੂ. ਨਾਲ ਸਾਂਝ ਹੋਰ ਪੱਕੀ ਕਰਕੇ ਖੇਤੀਬਾੜੀ ਵਿਭਾਗ ਵਾਤਾਵਰਨ ਪੱਖੀ ਅਤੇ ਸਥਿਰ ਖੇਤੀ ਨੂੰ ਲਾਗੂ ਕਰਨ ਲਈ ਯਤਨਸ਼ੀਲ ਹੈ ।

 

Facebook Comments

Trending