ਲੁਧਿਆਣਾ : ਕਰੀਬਨ 1990 ਦੇ ਦਹਾਕੇ ਤੋਂ, ਪੰਜਾਬ ਦੇ ਕਿਸਾਨਾਂ ਨੇ ਜ਼ਿਆਦਾਤਰ ਆਲੂ/ਮਟਰ ਉਤਪਾਦਕਾਂ ਨੇ ਬਹਾਰ ਰੁੱਤ ਵਿੱਚ ਮੱਕੀ ਦੀ ਖੇਤੀ ਨੂੰ ਅਪਣਾਇਆ ਅਤੇ ਹੁਣ ਇਸ ਹੇਠ ਰਕਬਾ ਲਗਾਤਾਰ ਵਧ ਰਿਹਾ ਹੈ। ਘੱਟ ਤਾਪਮਾਨ ਕਾਰਨ ਵੱਡਾ ਬਨਸਪਤੀ ਪੜਾਅ, ਨਦੀਨਾਂ ਦਾ ਘੱਟ ਦਬਾਅ ਅਤੇ ਕੀੜੇ-ਮਕੌੜੇ ਦੇ ਘੱਟ ਹਮਲੇ ਦੇ ਨਤੀਜੇ ਵਜੋਂ ਸਾਉਣੀ ਦੇ ਮੁਕਾਬਲੇ ਬਹਾਰ ਰੁੱਤ ਦੀ ਮੱਕੀ ਦੀ ਉਤਪਾਦਕਤਾ ਵੱਧ ਹੁੰਦੀ ਹੈ ਅਤੇ ਇਸ ਲਈ ਕਿਸਾਨ ਇਸ ਨੂੰ ਵਧੇਰੇ ਲਾਭਦਾਇਕ ਸਮਝਦੇ ਹਨ।
ਇਸ ਨਾਲ ਆਲੂ/ਮਟਰ-ਬਹਾਰ ਮੱਕੀ-ਝੋਨੇ ਦਾ ਨਵਾਂ ਫ਼ਸਲੀ ਚੱਕਰ ਬਣ ਗਿਆ ਹੈ, ਜਿਸ ਨੂੰ ਜੇਕਰ ਸਿਆਣਪ ਨਾਲ ਨਾ ਅਪਣਾਇਆ ਗਿਆ, ਤਾਂ ਪੰਜਾਬ ਰਾਜ ਦੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਹੋਰ ਵਿਗੜ ਜਾਵੇਗੀ। ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਨੇ ਦੱਸਿਆ ਕਿ ਪਾਣੀ ਦੀ ਸੁਚੱਜੀ ਵਰਤੋਂ ਲਈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਬਹਾਰ ਰੁੱਤ ਦੀ ਮੱਕੀ ਵਿੱਚ ਤੁਪਕਾ ਸਿੰਚਾਈ ਅਪਣਾਉਣ ਦੀ ਸਿਫ਼ਾਰਸ਼ ਕੀਤੀ ਹੈ।
ਤੁਪਕਾ ਸਿੰਚਾਈ ਵਿਧੀ ਲਈ 120 ਸੈਂਟੀਮੀਟਰ ਹੇਠਲੇ ਪਾਸੇ ਅਤੇ 80 ਸੈਂਟੀਮੀਟਰ ਉੱਪਰੋਂ ਚੌੜਾ ਬੈੱਡ ਬਣਾਉ। ਇਹਨਾਂ ਤੇ 60 ਸੈਂਟੀਮੀਟਰ ਦੀ ਦੂਰੀ ‘ਤੇ ਮੱਕੀ ਦੀਆਂ ਦੋ ਲਾਈਨਾਂ ਵਿੱਚ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਰੱਖ ਕੇ ਬੀਜੋ। ਮੱਕੀ ਦੀਆਂ ਇਹਨਾਂ ਦੋ ਲਾਈਨਾਂ ਵਿੱਚ ਇੱਕ ਡਰਿੱਪ ਲਾਈਨ ਦੀ ਵਰਤੋਂ ਕਰੋ, ਜਿਸ ਵਿੱਚ ਡਰਿੱਪਰ ਤੋਂ ਡਰਿੱਪਰ ਦਾ ਫਾਸਲਾ 30 ਸੈਂਟੀਮੀਟਰ ਹੋਵੇ। ਧਰਤੀ ਦੀ ਸਤ੍ਹਾ ਹੇਠ ਤੁਪਕਾ ਸਿੰਚਾਈ ਵਿਧੀ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।
ਇਸ ਲਈ 60 ਸੈਂਟੀਮੀਟਰ ਦੇ ਫ਼ਾਸਲੇ ਤੇ 20 ਸੈਂਟੀਮੀਟਰ ਡੂੰਘਾਈ ਤੇ ਡਰਿੱਪ ਇਨਲਾਈਨ ਵਿਛਾਉ, ਜਿਨ੍ਹਾਂ ਤੇ 30 ਸੈਂਟੀਮੀਟਰ ਦੇ ਫ਼ਾਸਲੇ ਤੇ ਡਰਿੱਪਰ ਲੱਗੇ ਹੋਣ। ਬਿਜਾਈ ਤੋਂ 12 ਦਿਨਾਂ ਬਾਅਦ ਸ਼ੁਰੂ ਕਰਕੇ 3 ਦਿਨਾਂ ਦੇ ਅੰਤਰਾਲ ‘ਤੇ ਸਿੰਚਾਈ ਕਰੋ ਕਿਸਾਨ ਵੀਰਾਂ ਨੂੰ ਦਰਖ਼ਾਸਤ ਕੀਤੀ ਜਾਂਦੀ ਹੈ ਕਿ ਉਹ ਤੁਪਕਾ ਅਤੇ ਧਰਤੀ ਦੀ ਸਤ੍ਹਾ ਹੇਠ ਸਿੰਚਾਈ ਤਕਨੀਕਾਂ ਨੂੰ ਅਪਣਾਉਣ।