ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਨੇ “ਰਾਸ਼ਟਰੀ ਖੇਡ ਦਿਵਸ” ਮਨਾਇਆ ਅਤੇ ਇਹ ਦਿਨ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਮੀਨਾ ਕੁਮਾਰੀ ਪਵਾਰ (ਅੰਤਰਰਾਸ਼ਟਰੀ ਵੇਟਲਿਫਟਰ) ਇੰਸਪੈਕਟਰ, ਪੰਜਾਬ ਪੁਲਿਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਮੁੱਖ ਮਹਿਮਾਨ ਦਾ ਫੁੱਲਾਂ ਨਾਲ ਸੁਆਗਤ ਕੀਤਾ ਅਤੇ ਇਸ ਉਪਰੰਤ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ। ਸਰੀਰਕ ਸਿੱਖਿਆ ਵਿਭਾਗ ਦੇ ਸ਼੍ਰੀ ਜੈ ਕੁਮਾਰ ਨੇ ਮੇਜਰ ਧਿਆਨ ਚੰਦ ਦੇ ਜੀਵਨ ਇਤਿਹਾਸ ‘ਤੇ ਚਾਨਣਾ ਪਾਇਆ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਸ੍ਰੀਮਤੀ ਨਿਵੇਦਿਤਾ ਸ਼ਰਮਾ ਵੱਲੋਂ ਖੇਡਾਂ ਦੀਆਂ ਪ੍ਰਾਪਤੀਆਂ ਬਾਰੇ ਰਿਪੋਰਟ ਪੇਸ਼ ਕੀਤੀ ਗਈ।
ਇਸ ਮੌਕੇ ਰੱਸਾਕਸ਼ੀ ਅਤੇ ਸਕਿਪਿੰਗ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਆਈਟਮਾਂ ਵੀ ਪੇਸ਼ ਕੀਤੀਆਂ। ਮੁੱਖ ਮਹਿਮਾਨ ਮੀਨਾ ਕੁਮਾਰੀ ਪਵਾਰ ਨੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਸਥਾਨਕ ਪੱਧਰ ‘ਤੇ ਨਹੀਂ ਬਲਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ‘ਤੇ ਪ੍ਰਿੰਸੀਪਲ, ਸ਼੍ਰੀਮਤੀ ਸੁਮਨ ਲਤਾ ਨੇ ਸਾਡੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਖੇਡਾਂ ਦੀ ਸਾਰਥਕਤਾ ‘ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਹਮੇਸ਼ਾ ਇਸ ਖੇਤਰ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਰਾਸ਼ਟਰੀ ਖੇਡ ਦਿਵਸ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਸਰੀਰਕ ਸਿੱਖਿਆ ਵਿਭਾਗ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।