ਲੁਧਿਆਣਾ : ਘੁਮਾਰ ਮੰਡੀ ਇਲਾਕੇ ਚੋਂ ਸਮਾਨ ਖਰੀਦ ਕੇ ਘਰ ਜਾ ਰਹੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਂਦਿਆਂ ਮੋਟਰ ਸਾਈਕਲ ਸਵਾਰ ਨੌਜਵਾਨ ਨੇ ਉਨ੍ਹਾਂ ਕੋਲੋਂ 55 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਖੋਹ ਲਿਆ। ਵਾਰਦਾਤ ਦੀ ਸੂਚਨਾ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਨਾਕਾ ਬੰਦੀ ਕਰਕੇ ਮੋਟਰ ਸਾਈਕਲ ਸਵਾਰ ਮੁਲਜ਼ਮ ਨੂੰ ਗਿਰਫ਼ਤਾਰ ਕੀਤਾ। ਤਫਤੀਸ਼ ਅਫਸਰ ਸੁਖਰਾਜ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਕਰਮਸਰ ਕਲੋਨੀ ਦੇ ਵਾਸੀ ਰਣਜੀਤ ਸਿੰਘ ਉਰਫ ਵਿੱਕੀ ਵਜੋਂ ਹੋਈ ਹੈ।
ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਚੋਂ ਵੱਖ-ਵੱਖ ਮਾਰਕਿਆਂ ਦੇ ਪੰਜ ਮੋਬਾਈਲ ਫੋਨ ਅਤੇ ਵਾਰਦਾਤਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਮੋਟਰ ਸਾਈਕਲ ਬਰਾਮਦ ਕੀਤਾ ਹੈ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਗਊਸ਼ਾਲਾ ਰੋਡ ਦੀ ਰਹਿਣ ਵਾਲੀ ਕਿਰਨ ਸ਼ਰਮਾ ਦੀ ਸ਼ਿਕਾਇਤ ਤੇ ਮੁਲਜ਼ਮ ਦੇ ਖਿਲਾਫ਼ ਐਫ਼ ਆਈ ਆਰ ਦਰਜ ਕਰ ਲਈ ਹੈ। ਤਫਤੀਸ਼ੀ ਅਫਸਰ ਸੁਖਰਾਜ ਸਿੰਘ ਨੇ ਦੱਸਿਆ ਕਿ ਕਿਰਨ ਸ਼ਰਮਾ ਦੀ ਸੂਚਨਾ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰਕੇ ਮੁਲਜ਼ਮ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।