ਲੁਧਿਆਣਾ : ਲੋਕ ਮੰਚ ਪੰਜਾਬ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਲੁਧਿਆਣਾ ਦੇ ਸਹਿਯੋਗ ਨਾਲ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵਿਚ ਪੰਜਾਬੀ ਮਾਂ ਬੋਲੀ ਦੇ ਜਾਏ ਪੰਜਾਬੀਅਤ ਦੇ ਸਰਵਣ ਪੁੱਤਰ ਅਤੇ ਯੂਰਪੀ ਪੰਜਾਬੀ ਸੱਥ ਯੂਕੇ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੂੰ ਪੰਜਾਬ ਦਾ ਮਾਣ ਪੁਰਸਕਾਰ ਵਿੱਚ ਇਕਵੰਜਾ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੇ ਫੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਪ੍ਰਚਾਰ ਪੁਸਤਕ ਸੱਭਿਆਚਾਰ ਅਤੇ ਮਾਂ ਬੋਲੀ ਪ੍ਰਸਾਰ ਹਿੱਤ ਕੀਤੇ ਵਡਮੁੱਲੇ ਕਾਰਜਾਂ ਦੇ ਲਈ ਦਿੱਤਾ ਗਿਆ ।
ਡਾ ਸ . ਪ ਸਿੰਘ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਨੂੰ ਰਸਮੀ ਤੌਰ ਤੇ ਜੀ ਆਇਆਂ ਕਹਿੰਦਿਆਂ ਕਿਹਾ ਕਿ ਅੱਜ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਲੋਕ ਮੰਚ ਪੰਜਾਬ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਮੁਦਈ ਸਰਦਾਰ ਮੋਤਾ ਸਿੰਘ ਸਰਾਏ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਸ. ਮੋਤਾ ਸਿੰਘ ਦੀ ਜਾਣ ਪਛਾਣ ਕਰਵਾਉਂਦਿਆਂ ਹੋਇਆ ਉਨ੍ਹਾਂ ਨੇ ਕਿਹਾ ਕਿ ਪੇਸ਼ੇ ਵਜੋਂ ਭਾਵੇਂ ਉੱਥੇ ਵਿੱਤੀ ਸਲਾਹਕਾਰ ਹਨ ਪਰ ਪੰਜਾਬੀ ਕਿਤਾਬਾਂ ਪ੍ਰਤੀ ਮੋਹ ਇਸ ਗੱਲ ਤੋਂ ਝਲਕਦਾ ਹੈ ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਕਿਹਾ ਕਿ ਪੁਸਤਕ ਸੱਭਿਆਚਾਰ ਨੂੰ ਅਥਾਹ ਮੁਹੱਬਤ ਕਰਨ ਵਾਲੇ ਮੋਤਾ ਸਿੰਘ ਸਰਾਏ ਨੇ ਯੂਰਪ ਵਿੱਚ ਵਸੇ ਪੰਜਾਬੀ ਸਾਹਿਤਕਾਰਾਂ ਤੇ ਪਾਠਕਾਂ ਨੂੰ ਜੋੜ ਕੇ ਇਕ ਕਾਫ਼ਲਾ ਤਿਆਰ ਕੀਤਾ ਹੈ । ਆਸਟ੍ਰੇਲੀਆ ਕੈਨੇਡਾ ਅਮਰੀਕਾ ਅਤੇ ਖਾੜੀ ਦੇਸ਼ਾਂ ਵਿੱਚ ਵੀ ਯੂਰਪੀ ਪੰਜਾਬੀ ਸੱਥ ਦੀਆਂ 43 ਇਕਾਈਆਂ ਸਥਾਪਤ ਕੀਤੀਆਂ ਹਨ । ਉਨ੍ਹਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੀ ਮਿੱਟੀ ਦਾ ਜੰਮਿਆ ਜਾਇਆ ਮੋਤਾ ਸਿੰਘ ਸਰਾਏ ਘਰ ਘਰ ਸ਼ਬਦ ਸੰਚਾਰ ਨੂੰ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹੈ।