ਲੁਧਿਆਣਾ : ਦੇਸ਼ ਭਰ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਦੇ ਹਿੱਸੇ ਵਜੋਂ ਭਾਰਤੀ ਕਮਿਊਨਿਸਟ ਪਾਰਟੀ ਜਿਲ੍ਹਾ ਲੁਧਿਆਣਾ ਵੱਲੋਂ ਪੈਟਰੋਲ, ਡੀਜ਼ਲ, ਰਸੋਈ ਗੈਸ, ਸਨਅਤੀ ਕੱਚਾ ਮਾਲ, ਖਾਣ ਵਾਲੀਆਂ ਵਸਤਾਂ ਅਤੇ ਹੋਰ ਜ਼ਰੂਰਤ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧੇ ਨੂੰ ਰੋਕਣ ਵਿੱਚ ਨਾਕਾਮ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਪ੍ਰਦਰਸ਼ਨ ‘ਚ ਨਵੀਆਂ ਕਚਹਿਰੀਆਂ ਦੇ ਕੋਲ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਅਤੇ ਵੱਖ ਵੱਖ ਵਰਗਾਂ ਤੋਂ ਲੋਕਾਂ ਨੇ ਹਿੱਸਾ ਲਿਆ । ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਪੈਟਰੋਲ, ਡੀਜ਼ਲ ਰਸੋਈ ਗੈਸ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਜਿਸ ਕਰਕੇ ਆਮ ਆਦਮੀ ਦਾ ਜਿਉਣਾ ਦੁੱਭਰ ਹੋ ਗਿਆ ਹੈ । ਸਿਰਫ਼ ਏਨਾ ਹੀ ਨਹੀਂ ਸਨਅਤੀ ਅਦਾਰਿਆਂ ਵਿਚ ਕੰਮ ਆਉਣ ਵਾਲੇ ਕੱਚੇ ਮਾਲ ਜਿਵੇਂ ਲੋਹਾ, ਧਾਗਾ , ਕੱਪਡ਼ੇ ਆਦਿ ਦੀਆ ਕੀਮਤਾਂ ਬੇਕਾਬੂ ਹੋ ਗਈਆਂ ਹਨ ।
ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਨੇ ਬੜੇ ਸ਼ਾਤਿਰਾਨਾ ਢੰਗ ਨਾਲ ਪੰਜ ਰਾਜਾਂ ਦੀਆਂ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਪੈਟਰੋਲ ਡੀਜ਼ਲ ਦੀ ਕੀਮਤ ਦਸ ਰੁਪਏ ਘਟਾਈ ਸੀ ਪਰ ਸਿਰਫ ਤਿੰਨ ਹਫਤੇ ਬੀਤਣ ਤੋਂ ਬਾਅਦ ਹੀ ਉਹ ਦਸ ਰੁਪਏ ਵਧਾ ਦਿੱਤੀ ਗਈ ਹੈ। ਲੋਕਾਂ ਦੀਆ ਇਨ੍ਹਾਂ ਦੁੱਖ ਤਕਲੀਫ਼ਾਂ ਦਾ ਮੋਦੀ ਸਰਕਾਰ ਤੇ ਕੋਈ ਅਸਰ ਨਹੀਂ ਕਿਉਂਕਿ ਵੋਟਾਂ ਤਾਂ ਉਹ ਫਿਰਕੂ ਲੀਹਾਂ ਤੇ ਲੋਕਾਂ ਨੂੰ ਵੰਡ ਕੇ ਲੈ ਲੈਂਦੇ ਹਨ । ਲੋਕਾਂ ਦੇ ਮੁੱਦਿਆਂ ਨੂੰ ਚੁੱਕਣ ਵਾਲਿਆਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਜਾ ਰਿਹਾ ਹੈ ।