ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਕੁਦਰਤੀ ਆਫ਼ਤਾਂ ਤੋਂ ਕਿਵੇਂ ਬਚਿਆ ਜਾਵੇ ਇਸ ਸਬੰਧ ਵਿੱਚ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ ਵੱਲੋਂ ਮੌਕ ਡ੍ਰਿਲ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਐਨ. ਡੀ. ਆਰ. ਐਫ. ਵੱਲੋਂ ਆਏ ਹੋਏ ਅਫ਼ਸਰਾਂ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਮੌਕ ਡ੍ਰਿਲ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਐੱਨ ਡੀ ਆਰ ਐੱਫ ਦੀ ਟੀਮ ਨੇ ਕੁਦਰਤੀ ਆਫ਼ਤਾਂ ਸਮੇਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਕਿਵੇਂ ਬਚਾਇਆ ਜਾਵੇ ਦੀ ਮੌਕ ਡ੍ਰਿਲ ਨੂੰ ਸ਼ੁਰੂ ਕੀਤਾ। ਇਸ ਦੌਰਾਨ ਐੱਨ ਡੀ ਆਰ ਐੱਫ ਦੇ ਮੈਂਬਰਾਂ ਨੇ ਆਫ਼ਤ ਦੇ ਵਿੱਚ ਫ਼ਸੇ ਬੱਚਿਆਂ ਨੂੰ ਇਕ ਮੌਕ ਡ੍ਰਿਲ ਦੇ ਜ਼ਰੀਏ ਚੰਦ ਹੀ ਮਿੰਟਾਂ ਦੇ ਵਿੱਚ ਸਫ਼ਲਤਾ ਪੂਰਵਕ ਬਾਹਰ ਕੱਢਿਆ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਵੀ ਵੱਧ ਚੜ੍ਹ ਕੇ ਇਸ ਮੌਕ ਡ੍ਰਿਲ ਵਿਚ ਹਿੱਸਾ ਲਿਆ।
ਐੱਨ ਡੀ ਆਰ ਐਫ ਦੁਆਰਾ ਕੀਤੀਆਂ ਗਈਆਂ ਸਾਰੀਆਂ ਹੀ ਸੁਰੱਖਿਆ ਗਤੀਵਿਧੀਆਂ ਗਿਆਨ ਵਰਧਕ ਰਹੀਆਂ। ਜਿਨ੍ਹਾਂ ਵਿੱਚ ਭੂਚਾਲ ਆਉਣ ਉੱਤੇ ਖੁਦ ਨੂੰ ਕਿਵੇਂ ਬਚਾਇਆ ਜਾਵੇ, ਸੀ ਪੀ ਆਰ ਗਤੀਵਿਧੀ ਰਾਹੀਂ ਬੰਦੇ ਦੀ ਜਾਨ ਕਿਵੇਂ ਬਚਾਈ ਜਾਵੇ, ਘਰੇਲੂ ਚੀਜ਼ਾਂ ਤੋਂ ਸਟਰੈੱਚਰ ਤਿਆਰ ਕਰਨਾ, ਅਤੇ ਬਹੁ-ਮੰਜ਼ਲਾ ਇਮਾਰਤ ਵਿੱਚ ਅੱਗ ਲੱਗਣ ਸਮੇਂ ਰੱਸੀ ਦੀ ਸਹਾਇਤਾ ਨਾਲ ਉਸ ਇਮਾਰਤ ਵਿੱਚੋਂ ਕਿਵੇਂ ਬਾਹਰ ਆਇਆ ਜਾਵੇ ਵਰਗੀਆਂ ਗਤੀਵਿਧੀਆਂ ਮੁੱਖ ਖਿੱਚ ਦਾ ਕੇਂਦਰ ਰਹੀਆਂ ।
ਇਸ ਮੌਕੇ ਸਕੂਲ ਦੇ ਚੇਅਰਪਰਸਨ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐੱਨ ਡੀ ਆਰ ਐੱਫ ਵਲੋਂ ਕੀਤੀਆਂ ਗਈਆਂ ਸਾਰੀਆਂ ਗਤੀਵਿਧੀਆਂ ਸ਼ਲਾਘਾਯੋਗ ਹਨ। ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਕੁਦਰਤੀ ਆਫ਼ਤਾਂ ਕਿਸੇ ਵੀ ਵੇਲੇ ਆ ਸਕਦੀਆਂ ਹਨ ਸੋ ਸਾਨੂੰ ਅਜਿਹੀਆਂ ਗਤੀਵਿਧੀਆਂ ਨੂੰ ਸਿੱਖ ਕੇ ਹਮੇਸ਼ਾਂ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ।
ਸਕੂਲ ਦੇ ਡਾਇਰੈਕਟਰਜ਼ ਮਨਦੀਪ ਸਿੰਘ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਐੱਨ ਡੀ ਆਰ ਐੱਫ ਦੇ ਆਏ ਹੋਏ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਨਾਲ ਹੀ ਬੱਚਿਆਂ ਨੂੰ ਸੰਬੋਧਿਤ ਕਰਦੇ ਕਿਹਾ ਕਿ ਕੁਦਰਤੀ ਆਫ਼ਤਾਂ ਵੇਲੇ ਘਬਰਾਉਣ ਦੀ ਲੋੜ ਨਹੀਂ ਬਲਕਿ ਤੁਸੀਂ ਉਸ ਸਮੇਂ ਸਿੱਖੀਆਂ ਗਈਆਂ ਤਕਨੀਕਾਂ ਨੂੰ ਇਸਤੇਮਾਲ ਵਿਚ ਲਿਆ ਕੇ ਕਠਿਨਾਈ ਦੀ ਘੜੀ ਵਿੱਚੋਂ ਬੜੇ ਹੀ ਅਰਾਮ ਨਾਲ ਵਾਪਸ ਆ ਸਕਦੇ ਹੋ।