ਲੁਧਿਆਣਾ : ਸਵਾਰੀਆਂ ਨੂੰ ਆਟੋ ਵਿਚ ਬਿਠਾ ਕੇ ਉਨ੍ਹਾਂ ਕੋਲੋਂ ਨਕਦੀ ਅਤੇ ਮੋਬਾਈਲ ਫੋਨ ਲੁੱਟਣ ਵਾਲੇ ਗਿਰੋਹ ਨੂੰ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਤਿਗੁਰੂ ਨਗਰ ਦੇ ਰਹਿਣ ਵਾਲੇ ਨਵਜੋਤ ਸਿੰਘ ,ਪਾਖਰ ਕਲੋਨੀ ਗਿਆਸਪੁਰਾ ਦੇ ਵਾਸੀ ਪਲਵਿੰਦਰ ਸਿੰਘ ਅਤੇ ਆਜ਼ਾਦ ਕਾਲੋਨੀ ਗਿਆਸਪੁਰਾ ਦੇ ਰਹਿਣ ਵਾਲੇ ਸੰਨੀ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫ਼ਸਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਮੁਖ਼ਬਰ ਖਾਸ ਕੋਲੋਂ ਇਤਲਾਹ ਮਿਲੀ ਕਿ ਮੁਲਜ਼ਮ ਲੁੱਟੇ ਗਏ ਮੋਬਾਇਲ ਫੋਨ ਵੇਚਣ ਲਈ ਜਾ ਰਹੇ ਹਨ। ਜਾਣਕਾਰੀ ਤੋਂ ਬਾਅਦ ਪੁਲਿਸ ਨੇ ਪ੍ਰਤਾਪ ਚੌਕ ਵਿਚ ਨਾਕਾਬੰਦੀ ਕਰ ਕੇ ਆਟੋ ਸਵਾਰ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਨੇ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਚੋਂ ਵੱਖ ਵੱਖ ਥਾਵਾਂ ਤੋਂ ਲੁੱਟੇ ਗਏ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ।