ਲੁਧਿਆਣਾ : ਸੂਬਾ ਸਰਕਾਰ ਵਲੋਂ ਗ਼ਰੀਬ ਅਤੇ ਲੋੜਵੰਦ ਲੋਕਾਂ ਦੇ ਮਕਾਨਾਂ ਦੀ ਮੁਰੰਮਤ ਲਈ ਪ੍ਰਤੀ ਘਰ 25 ਹਜ਼ਾਰ ਰੁਪਏ ਦੀ ਦੇਣ ਵਾਲੀ ਵਿੱਤੀ ਮੱਦਦ ਦੇ 5 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਗ੍ਰਾਮ ਪੰਚਾਇਤ ਪਿੰਡ ਇਯਾਲੀ ਕਲਾਂ ਦੇ ਪੰਚ ਕੇਵਲ ਕਿਸ਼ਨ ਪੱਪੂ ਅਤੇ ਪਵਨ ਕੁਮਾਰ ਨੂੰ ਦਿੱਤਾ।
ਇਸ ਮੌਕੇ ਵਿਧਾਇਕ ਵੈਦ ਨੇ ਹਜ਼ਰੀਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਦੇ ਹੀ ਗ਼ਰੀਬ ਲੋਕਾਂ ਦੀ ਬਾਂਹ ਫੜੀ ਹੈ। ਆਪਣੇ ਥੋੜ੍ਹੇ ਸਮੇਂ ਦੇ ਕਾਰਜਕਾਲ ਦੌਰਾਨ ਬਣਾਈਆਂ ਲੋਕ ਭਲਾਈ ਦੀਆਂ ਨੀਤੀਆਂ ਕਾਰਨ ਉਹ ਦੇਸ਼ ਲਈ ਰੋਲ ਮਾਡਲ ਬਣ ਗਏ ਹਨ।
ਉਨ੍ਹਾਂ ਵਲੋਂ ਹਲਕੇ ਦੇ ਵਿਕਾਸ ਕਾਰਜ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਗਈ। ਇਸ ਮੌਕੇ ਪੰਚ ਭਰਪੂਰ ਸਿੰਘ, ਪੰਚ ਸਰਬਜੀਤ ਕੌਰ, ਪੰਚ ਰਣਜੀਤ ਕੌਰ, ਪੰਚ ਦਲਜੀਤ ਕੌਰ, ਪੰਚ ਬਲਵੀਰ ਕੌਰ, ਬਲਬੀਰ ਸਿੰਘ, ਗੁਰਪ੍ਰੀਤ ਸਿੰਘ ਤੇ ਹੋਰ ਮੋਹਰਤਬੰਦ ਵੀ ਹਾਜ਼ਰ ਸਨ।