ਲੁਧਿਆਣਾ : ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਸੋਮਵਾਰ ਦੇਰ ਸ਼ਾਮ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਭ੍ਰਿਸ਼ਟਾਚਾਰੀਆਂ ‘ਤੇ ਨਿਸ਼ਾਨਾ ਸਾਧਿਆ। ਵਿਧਾਇਕ ਗੋਗੀ ਨੇ ਵਾਰਡ 81 ਦੇ ਰਣਜੋਧ ਪਾਰਕ ਨੇੜੇ ਇਕ ਡਿਪੂ ਹੋਲਡਰ ਦੀ ਸ਼ਿਕਾਇਤ ਦਰਜ ਕਰਵਾਈ। ਗੋਗੀ ਕੋਲ ਕਈ ਸ਼ਿਕਾਇਤ ਆਈਆਂ ਸੀ ਕਿ ਹਾਲਕੇ ਵਿਚ ਕਈ ਡਿਪੂ ਹੋਲਡਰ ਆਪਣੀ ਮਨ ਮਰਜ਼ੀ ਨਾਲ ਲੋਕਾਂ ਨੂੰ ਮਿਲਣ ਮਿਲਣ ਵਾਲੀ ਕਣਕ ਤੋਂ ਘੱਟ ਕਣਕ ਮੁਹੱਈਆ ਕਰਵਾ ਰਹੇ ਹਨ।
ਕਾਰਵਾਈ ਕਰਦੇ ਹੋਏ ਗੋਗੀ ਨੇ ਆਪਣੀ ਕਾਰ ਵਿਚ ਆਪਣਾ ਇਲੈਕਟ੍ਰਾਨਿਕ ਕਾਂਟਾ ਲੈ ਕੇ ਡਿਪੂ ਹੋਲਡਰ ਕੋਲ ਪਹੁੰਚ ਕੀਤੀ। ਵਿਧਾਇਕ ਨੂੰ ਦੇਖ ਕੇ ਡਿਪੂ ਹੋਲਡਰਾਂ ਦੇ ਹੱਥ-ਪੈਰ ਫੁੱਲ ਗਏ। ਲਾਈਨਾਂ ਵਿਚ ਲੱਗੇ ਲੋਕਾਂ ਨੇ ਤੁਰੰਤ ਗੋਗੀ ਨੂੰ ਦੇਖ ਕੇ ਤੁਰੰਤ ਆਪਣੀ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਨੂੰ ਪੂਰਾ ਅਨਾਜ ਨਹੀਂ ਮਿਲ ਰਿਹਾ। ਇਕ ਔਰਤ ਦੀ ਕਣਕ ਨੂੰ ਕਾਂਟੇ ‘ਤੇ ਤੋਲਿਆ ਗਿਆ ਅਤੇ ਉਸ ਨੂੰ 1.20 ਕੁਇੰਟਲ ਕਣਕ ਮਿਲਣੀ ਸੀ ਪਰ ਉਸ ਨੂੰ 90 ਕਿਲੋ ਗ੍ਰਾਮ ਕਣਕ ਦਿੱਤੀ ਗਈ।
ਇਹ ਦੇਖ ਵਿਧਾਇਕ ਗੋਗੀ ਨੇ ਡਿਪੂ ਹੋਲਡਰ ਦੇ ਘਰ ਜਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ। ਵਿਧਾਇਕ ਗੋਗੀ ਨੇ ਕਿਹਾ ਕਿ ਮਨਦੀਪ ਸਿੰਘ ਦੇ ਨਾਂ ਨਾਲ ਡਿਪੂ ਹੈ। ਇਸ ਡਿਪੂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਲੋਕਾਂ ਨੂੰ ਕਣਕ ਦੀਆਂ ਪਰਚੀਆਂ ਤੱਕ ਨਹੀਂ ਦਿੱਤੀਆਂ ਜਾ ਰਹੀਆਂ। ਸਰਕਾਰ ਗਰੀਬਾਂ ਨੂੰ ਪੂਰਾ ਅਨਾਜ ਦੇ ਰਹੀ ਹੈ ਪਰ ਭ੍ਰਿਸ਼ਟ ਡਿਪੂ ਹੋਲਡਰ ਸਾਰਾ ਦਾਣਾ ਅੱਗੇ ਨਹੀਂ ਦੇ ਰਹੇ ਤੇ ਸਰਕਾਰ ਬਦਨਾਮ ਹੋ ਰਹੀ ਹੈ।
ਥਾਣਾ ਹੈਬੋਵਾਲ ਦੇ ਐਸਐਚਓ ਨੂੰ ਮੌਕੇ ਤੇ ਬੁਲਾਇਆ ਗਿਆ। ਦੱਸ ਦੇਈਏ ਕਿ ਮੌਕੇ ਤੇ ਹੀ ਵਿਧਾਇਕ ਗੋਗੀ ਨਾਲ ਡਿਪੂ ਹੋਲਡਰ ਦੀ ਬਹਿਸਬਾਜ਼ੀ ਵੀ ਹੋਈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਭ੍ਰਿਸ਼ਟ ਡਿਪੂ ਹੋਲਡਰ ਖਿਲਾਫ ਕਾਰਵਾਈ ਕਰਕੇ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਦੇ ਲਾਇਸੈਂਸ ਵੀ ਰੱਦ ਕੀਤੇ ਜਾਣੇ ਚਾਹੀਦੇ ਹਨ।
ਗੋਗੀ ਨੇ ਮੌਕੇ ਤੇ ਹੀ ਡੀ ਐੱਫ ਐੱਸ ਸੀ ਮੀਨਾਕਸ਼ੀ ਨੂੰ ਫੋਨ ਕਰ ਕੇ ਘਪਲੇ ਦੀ ਜਾਣਕਾਰੀ ਦਿੱਤੀ। ਫੂਡ ਸਪਲਾਈ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਿਸਟਮ ਨੂੰ ਭ੍ਰਿਸ਼ਟ ਕੀਤਾ ਗਿਆ ਹੈ। ਅਧਿਕਾਰੀ ਕਾਰਵਾਈ ਕਰਨ ਤੋਂ ਗੁਰੇਜ਼ ਕਰਦੇ ਹਨ। ਉਨ੍ਹਾਂ ਨਾਲ ਗੱਲਬਾਤ ਕਰਦਿਆਂ ਡੀ ਐੱਫ ਐੱਸ ਸੀ ਮੀਨਾਕਸ਼ੀ ਨੇ ਕਿਹਾ ਕਿ ਇਹ ਮਾਮਲਾ ਵਿਧਾਇਕ ਗੋਗੀ ਵੱਲੋਂ ਉਨ੍ਹਾਂ ਦੇ ਧਿਆਨ ਚ ਲਿਆਂਦਾ ਗਿਆ ਹੈ। ਡਿਪੂ ਖਿਲਾਫ ਕਾਰਵਾਈ ਕੀਤੀ ਜਾਵੇਗੀ।