ਲੁਧਿਆਣਾ : ਪੰਜਾਬ ’ਚ ਮਨਿਸਟੀਰੀਅਲ ਸਟਾਫ ਨੇ 3 ਨਵੰਬਰ ਤਕ ਹੜਤਾਲ ਵਧਾ ਦਿੱਤੀ ਹੈ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਨੇ ਫ਼ੈਸਲਾ ਲਿਆ ਹੈ ਕਿ ਕਿਸੀ ਵੀ ਵਿਭਾਗ ਦੇ ਕਰਮਚਾਰੀ ਨਾ ਤਾਂ ਸੈਲਰੀ ਲੈਣਗੇ ਅਤੇ ਨਾ ਹੀ ਅਫਸਰਾਂ ਦੀ ਤਨਖ਼ਾਹ ਬਣਾਉਣਗੇ। ਸਟਾਫ ਨੇ ਅੱਜ ਸਾਰੇ ਦਫ਼ਤਰਾਂ ’ਚ ਤਾਲੇ ਲਗਾ ਦਿੱਤੇ ਹਨ।
ਯੂਨੀਅਨ ਦੇ ਜ਼ਿਲ੍ਹਾ ਚੇਅਰਮੈਨ ਵਿਕਾਸ ਜੁਨੇਜਾ ਨੇ ਦੱਸਿਆ ਕਿ ਇਸ ਵਾਰ ਯੂਨੀਅਨ ਨੇ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਦਫ਼ਤਰਾਂ ਨੂੰ ਤਾਲੇ ਲਾਏ ਜਾ ਰਹੇ ਹਨ। ਮੁਲਾਜ਼ਮਾਂ ਨੇ ਸੋਮਵਾਰ ਨੂੰ ਖ਼ਜ਼ਾਨਾ ਦਫ਼ਤਰ ਵਿੱਚ ਪ੍ਰਦਰਸ਼ਨ ਵੀ ਕੀਤਾ। ਮੁਲਾਜ਼ਮਾਂ ਨੇ ਆਪਣੇ ਦਫ਼ਤਰਾਂ ਨੂੰ ਹੀ ਤਾਲੇ ਲਾਏ ਹੋਏ ਹਨ।
ਜ਼ਿਕਰਯੋਗ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਲਾਜ਼ਮ ਜਥੇਬੰਦੀਆਂ ਨੇ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ ਹੈ। ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਹਰ ਰੋਜ਼ ਪ੍ਰਦਰਸ਼ਨ ਹੋ ਰਹੇ ਹਨ।