Connect with us

ਅਪਰਾਧ

ਬੈਂਕ ਲੋਨ ਦੀ ਸੈਟਲਮੈਂਟ ਕਰਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ

Published

on

Millions swindled by fraudulent bank loan settlement

ਲੁਧਿਆਣਾ : ਬੈਂਕ ਤੋਂ ਲਏ ਹੋਮ ਲੋਨ ਦੀ ਕਾਫ਼ੀ ਘੱਟ ਬਕਾਏ ਨਾਲ ਸੈਟਲਮੈਂਟ ਕਰਵਾਉਣ ਦਾ ਝਾਂਸਾ ਦੇ ਕੇ ਦਿੱਲੀ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੇ ਲੁਧਿਆਣਾ ਵਾਸੀ ਦੋ ਸਾਥੀਆਂ ਨਾਲ ਮਿਲਕੇ ਕਾਰੋਬਾਰੀ ਕੋਲੋਂ ਲੱਖਾਂ ਰੁਪਏ ਠੱਗ ਲਏ। ਪੈਸਾ ਵਸੂਲਣ ਤੋਂ ਬਾਅਦ ਕਾਫ਼ੀ ਸਮਾਂ ਤਕ ਜਦ ਮੁਲਜ਼ਮਾਂ ਨੇ ਕਾਰੋਬਾਰੀ ਨੂੰ ਹੱਥ ਪੱਲਾ ਨਾ ਫੜਾਇਆ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਦੇ ਆਲਾ ਅਧਿਕਾਰੀਆਂ ਕੋਲ ਦਰਜ ਕਰਵਾਈ।

ਕਰੀਬ ਇਕ ਸਾਲ ਤਕ ਚੱਲੀ ਲੰਮੀ ਪੜਤਾਲ ਮਗਰੋਂ ਥਾਣਾ ਮਾਡਲ ਟਾਊਨ ਪੁਲਿਸ ਨੇ ਠੱਗੀ ਮਾਰਨ ਦੇ ਕਥਿਤ ਮੁਲਜ਼ਮਾਂ ਖ਼ਿਲਾਫ਼ ਧੋਖਾਦੇਹੀ ਦੇ ਦੋਸ਼ ਵਿਚ ਪਰਚਾ ਦਰਜ ਕਰ ਦਿੱਤਾ ਹੈ। ਪੁਲਿਸ ਨੇ ਇਹ ਮਾਮਲਾ ਮਾਡਲ ਟਾਊਨ ਦੇ ਰਹਿਣ ਵਾਲੇ ਕਾਰੋਬਾਰੀ ਦਵਿੰਦਰ ਸਿੰਘ ਦੇ ਬਿਆਨ ਉਪਰ ਇੰਦਰਪ੍ਰੀਤ ਸਿੰਘ, ਮੀਤ ਸਿੰਘ ਵਾਸੀ ਬੀਆਰਐਸ ਨਗਰ ਅਤੇ ਗਾਜ਼ੀਆਬਾਦ ਦੇ ਰਹਿਣ ਵਾਲੇ ਦੀਪਕ ਕੁਮਾਰ ਖ਼ਿਲਾਫ਼ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਦਵਿੰਦਰ ਸਿੰਘ ਮੁਤਾਬਕ ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਹਾਊਸਿੰਗ ਫਾਇਨਾਂਸ ਕੰਪਨੀ ਲਿਮਿਟਡ ਤੋਂ ਆਪਣੇ ਮਕਾਨ ਤੇ ਹੋਮ ਲੋਨ ਲਿਆ ਸੀ। ਮੁਦਈ ਮੁਤਾਬਕ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੁਧਿਆਣਾ ਦੇ ਰਹਿਣ ਵਾਲੇ ਇੰਦਰਪ੍ਰੀਤ ਸਿੰਘ ਅਤੇ ਮੀਤ ਕਮਲ ਨਾਮ ਦੇ ਦੋ ਭਰਾਵਾਂ ਨੇ ਮੁਦਈ ਨੂੰ ਉਸ ਦੇ ਲਏ ਹੋਮ ਲੋਨ ਦੀ ਬਹੁਤ ਘੱਟ ਰਕਮ ਵਿੱਚ ਵਨ ਟਾਈਮ ਸੈਟਲਮੈਂਟ ਕਰਵਾਉਣ ਦਾ ਝਾਂਸਾ ਦਿੱਤਾ। ਦੋਨਾਂ ਮੁਲਜ਼ਮਾਂ ਨੇ ਗਾਜ਼ੀਆਬਾਦ ਦੇ ਰਹਿਣ ਵਾਲੇ ਦੀਪਕ ਕੁਮਾਰ ਨਾਲ ਸੰਪਰਕ ਕਰਵਾਇਆ।

ਦੀਪਕ ਨੇ ਇੰਦਰਪ੍ਰੀਤ ਅਤੇ ਮੀਤ ਕਮਲ ਨਾਲ ਮਿਲ ਕੇ ਮੁਦਈ ਕੋਲੋਂ ਸੈਟਲਮੈਂਟ ਦੇ ਨਾਮ ਤੇ ਅਠਾਰਾਂ ਲੱਖ ਰੁਪਏ ਨਗਦੀ ਵਸੂਲ ਲਈ। ਇਹ ਰਕਮ ਦੇਣ ਮਗਰੋਂ ਜਦ ਮੁਦਈ ਨੇ ਸੈਟਲਮੈਂਟ ਦੀ ਰਸੀਦ ਮੰਗਣੀ ਸ਼ੁਰੂ ਕੀਤੀ ਤਾਂ ਆਰੋਪੀ ਲਾਰੇ ਲਗਾਉਣ ਲੱਗ ਗਏ। ਕਈ ਵਾਰ ਗੱਲਬਾਤ ਕਰਨ ਦੇ ਬਾਵਜੂਦ ਆਰੋਪੀਆਂ ਨੇ ਨਾ ਤਾਂ ਉਸ ਦੀ ਸੈਟਲਮੈਂਟ ਕਰਵਾਈ ਅਤੇ ਨਾ ਹੀ ਦਿੱਤੀ ਹੋਈ ਨਕਦੀ ਮੋੜੀ ਤਾਂ ਮੁਦੱਈ ਨੇ ਉਕਤ ਮਾਮਲੇ ਦੀ ਸ਼ਿਕਾਇਤ ਪਿਛਲੇ ਸਾਲ ਪੁਲਿਸ ਦੇ ਆਲਾ ਅਧਿਕਾਰੀਆਂ ਕੋਲ ਦਰਜ ਕਰਵਾ ਦਿੱਤੀ।

Facebook Comments

Trending