ਲੁਧਿਆਣਾ: ਮਹਾਨਗਰ ਦੇ ਥਾਣਾ ਹੈਬੋਵਾਲ ਅਧੀਨ ਇਲਾਕੇ ਵਿਚ ਦਿਮਾਗੀ ਤੌਰ ਤੇ ਪ੍ਰੇਸ਼ਾਨ ਲੜਕੀ ਤੇ ਨੌਜਵਾਨ ਵਿਅਕਤੀ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਏ। ਪਹਿਲੇ ਮਾਮਲੇ ਵਿਚ ਥਾਣਾ ਹੈਬੋਵਾਲ ਪੁਲਿਸ ਨੇ ਉਪਕਾਰ ਨਗਰ ਦੇ ਰਹਿਣ ਵਾਲੇ ਜਗਮੋਹਨ ਕੋਛੜ ਦੇ ਬਿਆਨ ਉਪਰ ਪਰਚਾ ਦਰਜ ਕਰ ਕੇ ਲਾਪਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਗਮੋਹਨ ਕੋਛੜ ਮੁਤਾਬਕ ਉਸ ਦਾ ਸਾਲਾ ਕਮਲਜੀਤ ਸੱਗੜ ਸਵੇਰੇ ਕਰੀਬ ਸਾਢੇ ਛੇ ਵਜੇ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲਾ ਗਿਆ ਤੇ ਵਾਪਸ ਨਹੀਂ ਆਇਆ। ਉਨ੍ਹਾਂ ਆਪਣੇ ਪੱਧਰ ਤੇ ਕਾਫੀ ਭਾਲ ਕੀਤੀ ਪਰ ਕਮਲਜੀਤ ਬਾਰੇ ਕੋਈ ਸੁਰਾਗ ਹੱਥ ਨਾ ਲੱਗਾ ਤਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਹੈਬੋਵਾਲ ਪੁਲਿਸ ਕੋਲ ਦਰਜ ਕਰਵਾ ਦਿੱਤੀ।
ਅਮਨ ਵਿਹਾਰ ਚੰਦਰ ਨਗਰ ਦੇ ਰਹਿਣ ਵਾਲੇ ਨਰੇਸ਼ ਕੁਮਾਰ ਮੁਤਾਬਕ ਉਸ ਦੀ 27 ਸਾਲ ਦੇ ਨੌਜਵਾਨ ਬੇਟੀ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ ਸਾਢੇ ਨੌਂ ਵਜੇ ਉਸ ਦੀ ਬੇਟੀ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ ਤੇ ਦੇਰ ਰਾਤ ਤਕ ਘਰ ਵਾਪਸ ਨਹੀਂ ਆਈ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਉਸ ਦੀ ਬੇਟੀ ਨੂੰ ਕਿਸੇ ਨਿੱਜੀ ਸਵਾਰਥ ਲਈ ਆਪਣੇ ਕਬਜ਼ੇ ਵਿੱਚ ਲੁਕਾ ਕੇ ਰੱਖਿਆ ਹੋਇਆ ਹੈ।