ਲੁਧਿਆਣਾ : ਪੰਜਾਬ ਗੌਰਮਿੰਟ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਸੂਬਾ ਪ੍ਰਧਾਨ ਬਲਦੇਵ ਕਿ੍ਸ਼ਨ ਮੋਦਗਿਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਗਿਆਨ ਚੰਦ ਨਈਅਰ ਨੇ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ‘ਆਪ’ ਦੀ ਅਗਵਾਈ ਹੇਠ ਬਣੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਨੂੰ ਵਧਾਈ ਦਿੱਤੀ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਛੇਵੇਂ ਤਨਖਾਹ ਕਮਿਸ਼ਨ ਵਿਚ ਪਾਈਆਂ ਜਾ ਰਹੀਆਂ ਤੁਰੱਟੀਆਂ ਨੂੰ ਦੂਰ ਕਰਕੇ 2.49 ਗੁਣਾਂਕ ਅਨੁਸਾਰ ਸੋਧ ਕਰਕੇ ਪੈਨਸ਼ਨਰਜ ਨੂੰ ਪੈਨਸ਼ਨਾਂ ਦਿੱਤੀਆਂ ਜਾਣ, 1-1-2016 ਤੋਂ ਪੈਨਸ਼ਨਾਂ ਦਾ ਬਕਾਇਆ ਦਿੱਤਾ ਜਾਵੇ, ਖਜਾਨਿਆਂ ਵਿਚ ਰੁਲ ਰਹੇ ਪੈਨਸ਼ਨਰਜ ਦੇ ਮੈਡੀਕਲ ਬਿੱਲਾਂ ਦਾ ਭੁਗਤਾਨ ਕੀਤਾ ਜਾਵੇ।
ਇਸੇ ਤਰ੍ਹਾਂ 25 ਸਾਲ ਤੱਕ ਸਰਕਾਰੀ ਸੇਵਾਵਾਂ ਪੂਰੀਆਂ ਕਰਨ ਵਾਲੇ ਪੈਨਸ਼ਨਰਜ ਨੂੰ ਪੂਰੇ ਪੈਨਸ਼ਨ ਲਾਭ ਦਿੱਤੇ ਜਾਣ, ਮੈਡੀਕਲ ਭੱਤਾ ਵਧਾਇਆ ਜਾਵੇ ਅਤੇ ਸਰਕਾਰੀ ਬੱਸਾਂ ਵਿਚ ਪੈਨਸ਼ਨਰਜ ਲਈ ਅੱਧੇ ਕਿਰਾਏ ਦੀ ਸਹੂਲਤ ਦਿੱਤੀ ਜਾਵੇ। ਮੀਟਿੰਗ ਦੌਰਾਨ ਕੌਰ ਸਿੰਘ, ਭੁਪਿੰਦਰ ਸਿੰਘ, ਕਿ੍ਸ਼ਨ ਚੰਦ, ਹਰੀ ਸਿੰਘ, ਸਤਵੰਤ ਕੌਰ, ਰਵਿੰਦਰ ਸਿੰਘ ਅਤੇ ਹੋਰ ਪੈਨਸ਼ਨਰਜ ਆਗੂ ਹਾਜ਼ਰ ਸਨ।