ਖੰਨਾ/ ਲੁਧਿਆਣਾ : ਅਨਾਜ ਆਈਟਮਾਂ ਕਣਕ, ਚੌਲ ਤੇ ਦਾਲਾਂ ਨੂੰ ਬੀਤੇ ਦਿਨੀਂ ਜੀਐੱਸਟੀ ਰਾਸ਼ਟਰੀ ਕੌਂਸਲ ਵੱਲੋਂ ਜੀਐੱਸਟੀ ਘੇਰੇ ਵਿੱਚ ਲਿਆਉਣ ਲਈ ਜੋ ਸਿਫ਼ਾਰਸ਼ ਕੀਤੀ ਗਈ, ਇਸ ਦਾ ਰਾਸ਼ਟਰ ਪੱਧਰੀ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਸੰਬੰਧ ਵਿਚ ਅਨਾਜ ਵਪਾਰ ਮੰਡਲ ਦੇ ਰਾਸ਼ਟਰੀ ਆਗੂ ਸਬਾਬੂ ਲਾਲ ਗੁਪਤਾ ਵੱਲੋਂ ਭਲਕੇ 16 ਜੁਲਾਈ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ।
ਇਸ ਸੰਬੰਧੀ ਅੱਜ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਸਟੇਟ ਬਾਡੀ ਦੀ ਮੀਟਿੰਗ ਹੋਈ ਜਿਸ ਵਿਚ ਸਰਬਸੰਮਤੀ ਨਾਲ 16 ਜੁਲਾਈ ਦੇ ਰਾਸ਼ਟਰ ਵਿਆਪੀ ਬੰਦ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ ਅਤੇ ਉਸ ਦਿਨ ਸਮੁੱਚੀਆਂ ਮੰਡੀਆਂ ਅਤੇ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ। ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਅਨਾਜ ਆਈਟਮਾਂ ਤੇ ਜੀਐੱਸਟੀ ਲੱਗਣ ਨਾਲ ਕਿਸਾਨਾਂ ਅਤੇ ਮੰਡੀਆਂ ਦੇ ਵਪਾਰੀਆਂ ਨੂੰ ਵੱਡੀਆਂ ਮੁਸ਼ਕਲਾਂ ਆਉਣਗੀਆਂ।
ਉਨ੍ਹਾਂ ਕਿਹਾ ਇਕ ਖੇਤੀ ਪ੍ਰਧਾਨ ਦੇਸ਼ ਵਿਚ ਘੱਟੋ ਘੱਟ ਅਨਾਜ ਆਈਟਮਾਂ ਨੂੰ ਜੀਐਸਟੀ ਘੇਰੇ ਤੋਂ ਬਾਹਰ ਰੱਖਣਾ ਚਾਹੀਦਾ ਹੈ ਚੀਮਾ ਨੇ ਕਿਹਾ ਬੰਦ ਵਾਲੇ ਦਿਨ ਜੀਐੱਸਟੀ ਕੌਂਸਲ ਵਲੋ ਅਨਾਜ ਦਾਲਾਂ ਅਤੇ ਚੌਲਾਂ ਨੂੰ ਜੀਐੱਸਟੀ ਘੇਰੇ ਵਿੱਚ ਸ਼ਾਮਲ ਕਰਨ ਦੇ ਫ਼ੈਸਲੇ ਵਿਰੁੱਧ ਦੇਸ ਦੇ ਪ੍ਰਧਾਨ ਮੰਤਰੀ ਦੇ ਨਾਮ ਆੜ੍ਹਤੀ ਐਸੋਸੀਏਸ਼ਨ ਵੱਲੋਂ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਦਿੱਤੇ ਜਾਣਗੇ।