ਲੁਧਿਆਣਾ : ਵਿਧਾਨ ਸਭਾ ਹਲਕਾ ਗਿੱਲ ਦੇ ਅਧੀਨ ਆਉਂਦੇ ਪਿੰਡ ਕੁਤਬੇਵਾਲ ਅਰਾਈਆਂ ’ਚ ਰਾਤ ਦੇ ਹਨੇਰੇ ’ਚ ਰੇਤ ਮਾਫ਼ੀਆ ਵੱਲੋਂ ਸਤਲੁਜ ਦਰਿਆ ਤੋਂ ਨਾਜਾਇਜ਼ ਰੇਤ ਦਾ ਕਾਰੋਬਾਰ ਚਲਾਇਆ ਜਾ ਰਿਹਾ ਹੈ, ਜਿਸ ’ਤੇ ਕਾਰਵਾਈ ਕਰਨ ਵਾਲਾ ਮਾਈਨਿੰਗ ਤੇ ਪੁਲਸ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਰੇਤ ਮਾਫ਼ੀਆ ਨੇ ਸਤਲੁਜ ਦਰਿਆ ਤੋਂ ਨਾਜਾਇਜ਼ ਤਰੀਕੇ ਨਾਲ ਰੇਤ ਦਾ ਕਾਰੋਬਾਰ ਚਲਾਇਆ ਪਰ ਮਾਈਨਿੰਗ ਅਤੇ ਪੁਲਸ ਵਿਭਾਗ ਨੂੰ ਭਿਣਕ ਤੱਕ ਨਹੀਂ ਪਈ।
ਧਿਆਨਦੇਣਯੋਗ ਹੈ ਕਿ ਫ਼ਲੱਡ ਸੀਜ਼ਨ ਹੋਣ ਕਾਰਨ 1 ਜੁਲਾਈ ਤੋਂ 30 ਸਤੰਬਰ ਤੱਕ ਰੇਤ ਦੀਆਂ ਸਾਰੀਆਂ ਖੱਡਾਂ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਹੁਣ ਕੁਝ ਲੋਕ ਇਸ ਗੋਰਖ਼ਧੰਦੇ ਨੂੰ ਸਤਲੁਜ ਦਰਿਆ ਤੋਂ ਫ਼ਿਰ ਚਲਾਉਣ ਲੱਗੇ ਹਨ, ਜੋ ਸਬੰਧਤ ਵਿਭਾਗ ’ਤੇ ਇਕ ਸਵਾਲੀਆ ਨਿਸ਼ਾਨ ਹੈ। ਪਿੰਡ ਕੁਤਬੇਵਾਲ ਅਰਾਈਆਂ ਤੋਂ ਸਤਲੁਜ ਦਰਿਆ ਤੋਂ ਨਾਜਾਇਜ਼ ਰੇਤ ਲੈ ਕੇ ਰੇਤ ਮਾਫ਼ੀਆ ਰਾਤੋ-ਰਾਤ ਸ਼ਹਿਰਾਂ ’ਚ ਸਪਲਾਈ ਕਰ ਰਿਹਾ ਹੈ।
ਜੇਕਰ ਰੇਤ ਮਾਫ਼ੀਏ ਨੂੰ ਪੁਲਸ ਦੇ ਆਉਣ ਦੀ ਸੂਚਨਾ ਮਿਲੇ ਤਾਂ ਉਕਤ ਲੋਕ ਲਾਡੋਵਾਲ ਇਲਾਕੇ ਤੋਂ ਨਿਕਲ ਕੇ ਸਲੇਮ ਟਾਬਰੀ ਅਤੇ ਮਿਹਰਬਾਨ ਦੇ ਪਿੰਡਾਂ ਤੋਂ ਨਿਕਲ ਕੇ ਫ਼ਰਾਰ ਹੋ ਜਾਂਦੇ ਹਨ, ਜਿਸ ਕਾਰਨ ਰੇਤ ਮਾਫ਼ੀਆ ਪੁਲਸ ਦੀ ਗ੍ਰਿਫ਼ਤਾਰ ਤੋਂ ਬਾਹਰ ਨਿਕਲ ਜਾਂਦਾ ਹੈ। ਜਦੋਂ ਉਥੋਂ ਪੁਲਸ ਵਾਪਸ ਚਲੀ ਜਾਂਦੀ ਹੈ ਤਾਂ ਰੇਤ ਮਾਫ਼ੀਆ ਫਿਰ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ।ਰੇਤ ਦੀਆਂ ਖੱਡਾਂ ਬੰਦ ਹੋਣ ਕਾਰਨ ਰੇਤ ਦੇ ਭਾਅ ਆਸਮਾਨ ਛੂਹ ਰਹੇ ਹਨ।
ਲਾਡੋਵਾਲ ਦੇ ਥਾਣਾ ਮੁਖੀ ਵਰਿੰਦਰਪਾਲ ਸਿੰਘ ਨਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਕਿਸੇ ਨੇ ਸੂਚਨਾ ਦਿੱਤੀ ਹੈ ਕਿ ਕੁਤਬੇਵਾਲ ਅਰਾਈਆਂ ’ਚ ਰਾਤ ਨੂੰ ਕੁਝ ਲੋਕਾਂ ਵੱਲੋਂ ਨਾਜਾਇਜ਼ ਤਰੀਕੇ ਨਾਲ ਰੇਤ ਚੁੱਕੀ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ। ਥਾਣਾ ਮੁਖੀ ਨੇ ਕਿਹਾ ਕਿ ਜਿੱਥੋਂ ਰੇਤ ਚੁੱਕੀ ਗਈ ਹੈ, ਉਕਤ ਜ਼ਮੀਨ ਦੇ ਮਾਲਕ ਦਾ ਪਤਾ ਲਗਾ ਕੇ ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।