ਲੁਧਿਆਣਾ : ਲੁਧਿਆਣਾ ਆਧਾਰਿਤ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫੋਟੋ ਕਲਾਕਾਰ ਤੇਜਪਰਤਾਪ ਸਿੰਘ ਸੰਧੂ ਦੇ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਿਲ 31 ਸ਼ੁੱਧ ਰਾਗਾਂ ਤੇ ਆਧਾਰਿਤ ਫੋਟੋ ਚਿਤਰਾਂ ਦੀ ਕੈਲੇਫੋਰਨੀਆ (ਅਮਰੀਕਾ) ਦੇ ਸ਼ਹਿਰ ਸੈਨ ਹੌਜ਼ੇ ਦੇ ਗੁਰਦੁਆਰਾ ਸਾਹਿ ਵਿਖੇ ਤਿੰਨ ਰੋਜ਼ਾ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭੂਪਿੰਦਰ ਸਿੰਘ ਢਿੱਲੋਂ ਨੇ ਕੀਤਾ।
ਪ੍ਰਦਰਸ਼ਨੀ ਬਾਰੇ ਜਾਣ ਪਛਾਣ ਕਰਵਾਉਂਦਿਆਂ ਗੁਰਮਤਿ ਸੰਗੀਤ ਦੇ ਪ੍ਰਕਾਂਡ ਵਿਦਵਾਨ ਅਤੇ ਪੰਜਾਬੀ ਯੂਨੀਵਰਸਿਟੀ ਦੇ ਸੇਵਾ ਮੁਕਤ ਡੀਨ ਅਕੈਡਮਿਕ ਅਫੇਅਰਜ਼ ਡਾਃ ਗੁਰਨਾਮ ਸਿੰਘ ਨੇ ਦੱਸਿਆ ਕਿ ਇਹ ਫੋਟੋ ਚਿਤਰ ਲਗਪਗ ਵੀਹ ਸਾਲ ਗੁਰਮਤਿ ਸੰਗੀਤ ਦੇ ਨਿਕਟ ਅਧਿਐਨ ਉਪਰੰਤ ਹੋਂਦ ਵਿੱਚ ਆਏ ਹਨ। ਇਸ ਦਾ ਆਰੰਭ ਬਿੰਦੂ ਸੰਤ ਬਾਬਾ ਸੁੱਚਾ ਸਿੰਘ ਵੱਲੋਂ ਜਵੱਦੀ ਕਲਾਂ(ਲੁਧਿਆਣਾ)ਚ 1985 ਵੇਲੇ ਆਰੰਭੀ ਗੁਰਮਤਿ ਸੰਗੀਤ ਦੀ ਟਕਸਾਲੀ ਪਰੰਪਰਾ ਦੀ ਸੇਵਾ ਸੰਭਾਲ ਦਾ ਹੀ ਕ੍ਰਿਸ਼ਮਾ ਹੈ।
1991 ਚ ਕਰਵਾਏ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿੱਚ ਇਕੱਤੀ ਸ਼ੁੱਧ ਰਾਗਾਂ ਦੇ ਗਾਇਨ ਦਾ ਕੈਸਿਟਸ ਸੈੱਟ ਬੀਬੀ ਜਸਬੀਰ ਕੌਰ ਖ਼ਾਲਸਾ ਦੀ ਅਗਵਾਈ ਹੇਠ ਵਿਸਮਾਦ ਨਾਦ ਵੱਲੋਂ ਤਿਆਰ ਕੀਤਾ ਗਿਆ ਸੀ ਜਿਸ ਵਿੱਚ ਰਾਗਾਂ ਬਾਰੇ ਮੁੱਢਲੀ ਜਾਣਕਾਰੀ ਸੰਗੀਤ ਉਸਤਾਦ ਜਸਵੰਤ ਸਿੰਘ ਭੰਵਰਾ ਨੇ ਰੀਕਾਰਡ ਕਰਵਾਈ ਸੀ। ਇਨ੍ਹਾਂ ਕੈਸਿਟਸ ਨੂੰ ਬਾਰ ਬਾਰ ਸੁਣਨ ਉਪਰੰਤ ਆਤਮਸਾਤ ਕਰਕੇ ਹੀ ਤੇਜ ਪਰਤਾਪ ਸਿੰਘ ਸੰਧੂ ਨੇ ਸ਼ੁੱਧ 31ਰਾਗਾਂ ਨੂੰ ਕੈਮਰੇ ਦੀ ਅੱਖ ਰਾਹੀਂ ਵੇਖ ਕੇ ਸਾਡੇ ਸਨਮੁਖ ਪੇਸ਼ ਕੀਤਾ ਹੈ।