ਲੁਧਿਆਣਾ : ਸਨਅਤਕਾਰਾਂ ਦੀ ਟੀਮ ਜਿਸ ਵਿੱਚ ਮਨਜਿੰਦਰ ਸਿੰਘ ਸਚਦੇਵਾ, ਗੁਰਮੀਤ ਸਿੰਘ ਕੁਲਾਰ, ਉਪਕਾਰ ਸਿੰਘ ਆਹੂਜਾ, ਚਰਨਜੀਤ ਸਿੰਘ ਵਿਸ਼ਵਕਰਮਾ, ਰਾਜੀਵ ਜੈਨ,ਅਵਤਾਰ ਸਿੰਘ ਭੋਗਲ,ਜਸਵਿੰਦਰ ਸਿੰਘ ਬਿਰਦੀ ਸ਼ਾਮਿਲ ਸਨ; ਨੇ ਸ਼੍ਰੀ ਹਰੀਸ਼ ਦਿਆਮਾ, ਆਈ.ਪੀ.ਐਸ., ਸੰਯੁਕਤ ਪੁਲਿਸ ਕਮਿਸ਼ਨਰ, ਲੁਧਿਆਣਾ ਨਾਲ ਮੁਲਾਕਾਤ ਕੀਤੀ ਅਤੇ ਲੁਧਿਆਣਾ ਵਿੱਚ ਵੱਧ ਰਹੇ ਪ੍ਰਦੂਸ਼ਣ ਅਤੇ ਟ੍ਰੈਫਿਕ ਜਾਮ ਦੇ ਮੁੱਦਿਆਂ ਬਾਰੇ ਚਰਚਾ ਕੀਤੀ।
ਉਦਯੋਗਪਤੀਆਂ ਨੇ ਸੰਯੁਕਤ ਸੀ ਪੀ ਲੁਧਿਆਣਾ ਨੂੰ ਸਲਾਹ ਦਿੱਤੀ ਕਿ ਸ਼ਹਿਰ ਵਿੱਚ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਸ਼ਾਮ 7 ਤੋਂ 8 ਵਜੇ ਤੱਕ ਸੀਮਤ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਆਵਾਜਾਈ ਨੂੰ ਸੁਖਾਲਾ ਕੀਤਾ ਜਾ ਸਕੇ ਅਤੇ ਟ੍ਰੈਫਿਕ ਜਾਮ ਨੂੰ ਘੱਟ ਕੀਤਾ ਜਾ ਸਕੇ। ਸ਼੍ਰੀ ਹਰੀਸ਼ ਦਿਆਮਾ ਨੇ ਸਲਾਹ ਦਿੱਤੀ ਕਿ ਲੁਧਿਆਣਾ ਸਾਈਕਲਾਂ ਦਾ ਸ਼ਹਿਰ ਹੈ, ਕਿਉਂ ਨਾ ਅਸੀਂ ਹਫ਼ਤੇ ਵਿਚ ਘੱਟੋ-ਘੱਟ 1 ਦਿਨ ਸਾਈਕਲ ‘ਤੇ ਸਫ਼ਰ ਕਰੀਏ। ਜਿਸ ਨਾਲ ਨਾ ਸਿਰਫ਼ ਟ੍ਰੈਫਿਕ ਦੀ ਸਮੱਸਿਆ ਨੂੰ ਘਟਾਏਗਾ, ਸਗੋਂ ਸ਼ਹਿਰ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ ।
ਅੱਜ ਮਨਜਿੰਦਰ ਸਿੰਘ ਸਚਦੇਵਾ ਸੀਨੀਅਰ ਮੀਤ ਪ੍ਰਧਾਨ ਫਿਕੋ ਅਤੇ ਜਨਰਲ ਸਕੱਤਰ ਯੂਸੀਪੀਐਮਏ; ਫੋਕਲ ਪੁਆਇੰਟ ਸਥਿਤ ਆਪਣੇ ਫੈਕਟਰੀ ਲਈ ਸਾਈਕਲ ‘ਤੇ ਸਵਾਰ ਹੋ ਕੇ ਪਹੁੰਚੇ। ਉਨ੍ਹਾਂ ਕਿਹਾ ਕਿ ਆਪਣੇ ਸ਼ਹਿਰ ਨੂੰ ਸਾਫ-ਸੁਥਰਾ ਅਤੇ ਹਰਿਆ-ਭਰਿਆ ਰੱਖਣਾ ਸਾਡਾ ਫਰਜ਼ ਹੈ।