ਲੁਧਿਆਣਾ : ਲੁਧਿਆਣਾ ’ਚ ਇਸ ਵਾਰ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 40 ਤੋਂ 46 ਡਿਗਰੀ ਸੈਲਸੀਅਸ ਦਰਮਿਆਨ ਰਹਿਣ ਕਾਰਨ ਲੁਧਿਆਣਵੀ ਡਾਢੇ ਪ੍ਰੇਸ਼ਾਨ ਹੋ ਗਏ ਹਨ। ਹਰ ਕੋਈ ਇਹੀ ਕਹਿੰਦਾ ਸੁਣਾਈ ਦਿੰਦਾ ਹੈ ਕਿ ਗਰਮੀ ਨਹੀਂ ਪੈ ਰਹੀ, ਸਗੋਂ ਆਸਮਾਨ ਤੋਂ ਅੱਗ ਵਰ੍ਹ ਰਹੀ ਹੈ। ਸਵੇਰ ਤੋਂ ਲੈ ਕੇ ਸੂਰਜ ਦੇਵਤਾ ਦੇ ਲੁਕਣ ਤੋਂ ਕਾਫੀ ਸਮੇਂ ਲਗਭਗ ਅੱਧੀ ਰਾਤ ਬਾਅਦ ਤੱਕ ਵੀ ਤਪਸ਼ ਦਾ ਕਹਿਰ ਬਰਕਰਾਰ ਰਹਿੰਦਾ ਹੈ। ਦੁਪਹਿਰ ਦੇ ਸਮੇਂ ਤਾਂ ਸੜਕਾਂ ’ਤੇ ਸੁੰਨਸਾਨ ਦੇਖਣ ਨੂੰ ਮਿਲਦੀ ਹੈ।
ਪੀ. ਏ. ਯੂ. ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਪਾਰਾ 29 ਡਿਗਰੀ ਸੈਲਸੀਅਸ ਰਿਹਾ। ਮੌਸਮ ਮਾਹਿਰਾਂ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ਼ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ’ਚ ਗਰਮ ਅਤੇ ਖ਼ੁਸ਼ਕ ਬਣਿਆ ਰਹਿ ਸਕਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਪਸ਼ੂਆਂ ਅਤੇ ਫ਼ਸਲਾਂ ਨੂੰ ਗਰਮੀ ਤੋਂ ਬਚਾਉਣ ਲਈ ਕਿਸਾਨਾਂ ਨੂੰ ਟਿਪਸ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਫ਼ਸਲਾਂ ਅਤੇ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਉਚਿਤ ਕਦਮ ਚੁੱਕਣ ਦੀ ਲੋੜ ਹੈ। ਤਾਜ਼ਾ ਬੂਟੇ ਧੁੱਪ ਕਾਰਨ ਝੁਲਸ ਸਕਦੇ ਹਨ। ਝੋਨੇ ਦੀ ਪਨੀਰੀ ਅਤੇ ਨਰਮੇ ਦੇ ਬੂਟੇ ਵੀ ਇਸ ਸਖ਼ਤ ਗਰਮੀ ਤੋਂ ਪ੍ਰਭਾਵਿਤ ਹੋ ਸਕਦੇ ਹਨ।
ਮੂੰਗੀ ਦੇ ਫੁੱਲ ਝੜ ਸਕਦੇ ਹਨ ਅਤੇ ਸਬਜ਼ੀਆਂ ’ਤੇ ਵੀ ਗਰਮੀ ਦਾ ਅਸਰ ਦੇਖਿਆ ਜਾ ਸਕਦਾ ਹੈ। ਇਸ ਲਈ ਫ਼ਸਲਾਂ ’ਤੇ ਗਰਮੀ ਦੇ ਅਸਰ ਅਤੇ ਪਾਣੀ ਦੀ ਕਮੀ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਫ਼ਸਲਾਂ ਨੂੰ ਲੋੜ ਮੁਤਾਬਕ ਸਿੰਚਾਈ ਦੀ ਲੋੜ ਪਵੇਗੀ। ਫਲਦਾਰ ਬੂਟਿਆਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਪਾਲਤੂ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਉਨ੍ਹਾਂ ਨੂੰ ਨਹਿਲਾਉਂਦੇ ਰਹੋ। ਵਿਦੇਸ਼ੀ ਨਸਲਾਂ ਦੀਆਂ ਗਾਵਾਂ ਨੂੰ ਗਰਮੀ ਤੋਂ ਬਚਾਉਣ ਲਈ ਪੱਖਿਆਂ ਅਤੇ ਕੂਲਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।