ਹਰ ਸਾਲ ਲੋਹੜੀ ਦਾ ਤਿਉਹਾਰ ਜਨਵਰੀ ਦੀ 13 ਤਾਰੀਖ਼ ਨੂੰ ਮਨਾਇਆ ਜਾਂਦਾ ਹੈ। ਉੱਤਰੀ ਭਾਰਤ ‘ਚ ਲੋਹੜੀ ਸਾਲ ਦੇ ਪਹਿਲੇ ਤਿਉਹਾਰ ਦੇ ਰੂਪ ‘ਚ ਮਨਾਈ ਜਾਂਦੀ ਹੈ। ਇਸ ਦੀ ਧੂਮ ਸਭ ਤੋਂ ਵੱਧ ਪੰਜਾਬ ਅਤੇ ਹਰਿਆਣਾ ‘ਚ ਦੇਖਣ ਨੂੰ ਮਿਲਦੀ ਹੈ ਕਿਉਂਕਿ ਇਹ ਪੰਜਾਬ ਦਾ ਮੁੱਖ ਤਿਉਹਾਰ ਹੈ। ਪੰਜਾਬ ਸਣੇ ਦੇਸ਼ਭਰ ‘ਚ ਵੀਰਵਾਰ ਨੂੰ ਲੋਹੜੀ ਦਾ ਤਿਉਹਾਰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹਰ ਪਾਸੇ ਲੋਹੜੀ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ ਅਤੇ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ।
ਜਿਨ੍ਹਾਂ ਦੇ ਘਰ ਮੁੰਡੇ-ਕੁੜੀਆਂ ਜੰਮੇ ਹੁੰਦੇ ਹਨ ਜਾਂ ਘਰ ‘ਚ ਨਵਾਂ ਵਿਆਹ ਹੋਇਆ ਹੁੰਦਾ ਹੈ, ਉਨ੍ਹਾਂ ਘਰਾਂ ‘ਚ ਲੋਹੜੀ ਦਾ ਤਿਉਹਾਰ ਵਿਸ਼ੇਸ਼ ਤੌਰ ‘ਤੇ ਮਨਾਇਆ ਜਾਂਦਾ ਹੈ। ਲੋਹੜੀ ਵਾਲੇ ਦਿਨ ਤਿਲ, ਗੁੜ, ਗੱਚਕ, ਰਿਓੜੀਆਂ ਤੇ ਮੂੰਗਫਲੀ ਅਗਨੀ ਨੂੰ ਭੇਟ ਕੀਤੇ ਜਾਂਦੇ ਹਨ। ਇਸ ਦਿਨ ਅੱਗ ਦੇ ਚੁਫੇਰੇ ਸਜ-ਵਿਆਹੇ ਜੋੜੇ ਆਹੂਤੀ ਦਿੰਦੇ ਹੋਏ ਚੱਕਰ ਕੱਢ ਕੇ ਆਪਣੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਦੇ ਹਨ।
ਲੋਹੜੀ ਦਾ ਇਤਿਹਾਸ
ਲੋਹੜੀ ਦੇ ਤਿਉਹਾਰ ਨਾਲ ਕਈ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਕੁਝ ਲੋਕ ਇਸ ਤਿਉਹਾਰ ਨੂੰ ਸੰਤ ਕਬੀਰ ਜੀ ਦੀ ਪਤਨੀ ‘ਲੋਈ’ ਦੇ ਨਾਂ ਨਾਲ ਵੀ ਜੋੜਦੇ ਹਨ ਕਿ ‘ਲੋਈ’ ਦੇ ਨਾਂ ਤੋਂ ਹੀ ‘ਲੋਹੜੀ’ ਦਾ ਨਾਂ ਪਿਆ ਹੈ। ਕੁਝ ਲੋਕ ਲੋਹੜੀ ਸ਼ਬਦ ‘ਲੋਹ’ ਸ਼ਬਦ ਤੋਂ ਪਿਆ ਦੱਸਦੇ ਹਨ, ਜਿਸ ਦਾ ਅਰਥ ਰੌਸ਼ਨੀ ਅਤੇ ਸੇਕ ਹੈ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਤਿਲ ਤੇ ਰਿਓੜੀਆਂ ਸ਼ਬਦਾਂ ਦੇ ਸੁਮੇਲ ਤੋਂ ਇਹ ਸ਼ਬਦ ਬਣਿਆ ਹੈ, ਪਹਿਲਾਂ ਇਹ ‘ਤਿਲੋਹੜੀ’ ਸੀ ਪਰ ਬਾਅਦ ‘ਚ ‘ਲੋਹੜੀ’ ਮਸ਼ਹੂਰ ਹੋ ਗਿਆ।
ਲੋਹੜੀ ਦਾ ਇਤਿਹਾਸ ਅਕਬਰ ਬਾਦਸ਼ਾਹ ਦੇ ਸਮੇਂ ‘ਦੁੱਲਾ ਭੱਟੀ’ ਨਾਂ ਦੇ ਕਿਰਦਾਰ ਨਾਲ ਜੋੜਿਆ ਜਾਂਦਾ ਹੈ, ਜੋ ਅਮੀਰ ਲੋਕਾਂ ਨੂੰ ਲੁੱਟ ਕੇ ਸਾਰਾ ਧਨ ਗਰੀਬਾਂ ‘ਚ ਵੰਡ ਦਿੰਦਾ ਸੀ। ਇਕ ਵਾਰ ਉਸ ਨੇ ਅਗਵਾਕਾਰਾਂ ਦੇ ਚੁੰਗਲ ‘ਚੋਂ ਇਕ ਲੜਕੀ ਨੂੰ ਛੁਡਾਇਆ ਤੇ ਆਪਣੀ ਧਰਮ ਦੀ ਧੀ ਬਣਾ ਲਿਆ। ਇਕ ਹੋਰ ਲਿਖਤ ਮੁਤਾਬਕ ਕਿਸੇ ਗਰੀਬ ਬ੍ਰਾਹਮਣ ਦੀਆਂ ਸੁੰਦਰੀ ਤੇ ਮੁੰਦਰੀ ਨਾਂ ਦੀਆਂ ਦੋ ਬਹੁਤ ਖ਼ੂਬਸੂਰਤ ਧੀਆਂ ਸਨ, ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ। ਉਸ ਸਮੇਂ ਦੇ ਹਾਕਮ ਦੀ ਨਜ਼ਰੀਂ ਇਹ ਲੜਕੀਆਂ ਚੜ੍ਹ ਗਈਆਂ ਤੇ ਉਹ ਹਾਕਮ ਦੋਵੇਂ ਭੈਣਾਂ ‘ਤੇ ਮੈਲੀ ਅੱਖ ਰੱਖਣ ਲੱਗ ਪਿਆ। ਦੁੱਲੇ ਭੱਟੀ ਨੇ ਕੁੜੀਆਂ ਦੇ ਵਿਆਹ ਕਰਾਉਣ ਦਾ ਵਚਨ ਦਿੱਤਾ।
ਲੜਕੀਆਂ ਦੇ ਸਹੁਰੇ ਹਾਕਮਾਂ ਤੋਂ ਡਰਦੇ ਮਾਰੇ ਰਾਤ ਨੂੰ ਵਿਆਹ ਕਰਨ ਲਈ ਕਹਿਣ ਲੱਗੇ। ਦੁੱਲੇ ਭੱਟੀ ਨੇ ਲਾਗਲੇ ਪਿੰਡ ‘ਚੋਂ ਦਾਨ ਦੇ ਰੂਪ ‘ਚ ਗੁੜ, ਸ਼ੱਕਰ, ਬਾਲਣ, ਦਾਣੇ ਇਕੱਠੇ ਕੀਤੇ। ਲੋਕ ਸੁੰਦਰੀ ਤੇ ਮੁੰਦਰੀ ਦੇ ਵਿਆਹ ‘ਤੇ ਇਕੱਠੇ ਹੋਏ। ਦੁੱਲੇ ਭੱਟੀ ਨੇ ਆਪਣੇ ਹੱਥੀਂ ਲੜਕੀਆਂ ਦੇ ਵਿਆਹ ਕੀਤੇ ਤੇ ਸੇਰ-ਸੇਰ ਸ਼ੱਕਰ ਪਾਈ। ਉਸ ਦਿਨ ਤੋਂ ਇਸੇ ਤਰ੍ਹਾਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਦੁੱਲਾ ਭੱਟੀ ਇੰਨਾ ਮਸ਼ਹੂਰ ਹੋ ਗਿਆ ਕਿ ਅੱਜ ਵੀ ਜਦ ਬੱਚੇ ਘਰਾਂ ‘ਚ ਲੋਹੜੀ ਮੰਗਦੇ ਹਨ ਤਾਂ ਇਹ ਗੀਤ ਜ਼ਰੂਰ ਗਾਉਂਦੇ ਹਨ।
ਸੁੰਦਰ ਮੁੰਦਰੀਏ, ਹੋ!
ਤੇਰਾ ਕੌਣ ਵਿਚਾਰਾ, ਹੋ!
ਦੁੱਲਾ ਭੱਟੀ ਵਾਲਾ, ਹੋ!
ਦੁੱਲੇ ਧੀ ਵਿਆਹੀ, ਹੋ!
ਸੇਰ ਸ਼ੱਕਰ ਪਾਈ, ਹੋ!
ਕੁੜੀ ਦਾ ਸਾਲੂ ਪਾਟਾ, ਹੋ!
ਕੁੜੀ ਦਾ ਜੀਵੇ ਚਾਚਾ, ਹੋ…
ਇਹ ਤਿਉਹਾਰ ਲੋਕਾਂ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਸ਼ਾਮ ਨੂੰ ਖਿਚੜੀ ਬਣਾਈ ਜਾਂਦੀ ਹੈ ਤੇ ਅਗਲੇ ਦਿਨ ਸਵੇਰੇ ਖਾਧੀ ਜਾਂਦੀ ਹੈ, ਜਿਸ ਨੂੰ ‘ਪੋਹ ਰਿੱਧੀ ਤੇ ਮਾਘ ਖਾਧੀ’ ਕਿਹਾ ਜਾਂਦਾ ਹੈ। ਆਧੁਨਿਕਤਾ ਵੱਸ ਅੱਜ ਇਸ ਤਿਉਹਾਰ ਨੂੰ ਮਨਾਉਣ ਦੇ ਢੰਗ ਬਦਲ ਰਹੇ ਹਨ। ਅਜੋਕੇ ਸਮਾਜ ਦੇ ਰਸਮਾਂ-ਰਿਵਾਜ਼, ਰਹਿਣ-ਸਹਿਣ ਦੇ ਢੰਗ ਵੀ ਪਹਿਲਾਂ ਵਰਗੇ ਨਹੀਂ ਰਹੇ ਤੇ ਸੋਚ ਵੀ ਨਿਰੰਤਰ ਬਦਲ ਰਹੀ ਹੈ। ਇਹੀ ਨਹੀਂ ਹੁਣ ਲੋਹੜੀ ਸਿਰਫ਼ ਆਪੋ-ਆਪਣੇ ਵਿਹੜਿਆਂ ਤਕ ਸਿਮਟ ਕੇ ਰਹਿ ਗਈ ਹੈ।