ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿੱਚ ਕਾਲਜ ਦੇ ਸਟੂਡੈਂਟ ਕਾਉਂਸਲ ਅਤੇ ਪੰਜਾਬੀ ਵਿਭਾਗ ਦੇ ਸਾਂਝੇ ਸਹਿਯੋਗ ਸਦਕਾ ਬੜੇ ਖੁਸ਼ੀਆਂ ਭਰੇ ਮਾਹੌਲ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਪੰਜਾਬੀ ਵਿਭਾਗ ਦੁਆਰਾ ਮੁੱਖ ਮਹਿਮਾਨ ਸੁਮਨ ਲਤਾ ਦਾ ਰਿਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ।
ਡਾ. ਸ਼ਰਨਜੀਤ ਕੌਰ ਪਰਮਾਰ, ਸੰਗੀਤ ਵਾਦਨ ਵਿਭਾਗ ਨੇ ਲੋਹੜੀ ਦੀ ਇਤਿਹਾਸਕ ਮਹੱਤਤਾ ਬਾਰੇ ਚਾਨਣਾ ਪਾਇਆ। ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੇ ਲੋਹੜੀ ਦੀ ਪਵਿੱਤਰ ਅਗਨੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਬੋਲਦੇ ਹੋਏ ਆਖਿਆ ਕਿ ਲੋਹੜੀ ਦਾ ਤਿਉਹਾਰ ਪੰਜਾਬ ਦਾ ਮਹੱਤਵਪੂਰਨ ਤਿਉਹਾਰ ਹੈ।
ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਰਦ ਰੁੱਤ ਦੇ ਅੰਤ ਦੀ ਨਿਸ਼ਾਨੀ ਹੁੰਦੀ ਹੈ ਅਤੇ ਇਸ ਨਾਲ ਬਸੰਤ ਰੁੱਤ ਸ਼ੁਰੂ ਹੁੰਦੀ ਹੈ। ਉਹਨਾਂ ਆਖਿਆ ਕਿ ਲੋਹੜੀ ਦੀ ਖੁਸ਼ੀ ਪੁੱਤਰ ਅਤੇ ਧੀ ਦੇ ਜਨਮ ਤੇ ਮਨਾਈ ਜਾਂਦੀ ਹੈ, ਪਰ ਅਸੀਂ ਅੱਜ ਇਸ ਕਾਲਜ ਵਿਚ ਧੀਆਂ ਦੀ ਲੋਹੜੀ ਮਨਾ ਰਹੇ ਹਾਂ।
ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਸੀਨੀਅਰ ਸਟਾਫ ਐਸ.ਸੀ.ਡੀ ਸਰਕਾਰੀ ਕਾਲਜ, ਲੁਧਿਆਣਾ ਦੇ ਪ੍ਰੋ. ਗੁਰਸ਼ਰਨ ਸੰਧੂ, ਡਾ. ਹਰਮਨਜੀਤ ਸਿੰਘ ਅਤੇ ਸ਼੍ਰੀ ਮਹਿੰਦਰ ਅਰੋੜਾ ਦੀਆਂ ਗਣਿਤ ਵਿਸ਼ੇ ਤੇ ਅਧਾਰਿਤ ਪੁਸਤਕਾਂ ਨੂੰ ਲੋਕ ਅਰਪਨ ਕੀਤਾ। ਇਸ ਮੌਕੇ ਤੇ ਵਿਦਿਆਰਥਣਾਂ ਵਲੋਂ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ ਅਤੇ ਲੋਹੜੀ ਦੇ ਗੀਤ ਵੀ ਗਾਏ ਗਏ। ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਲੋਹੜੀ ਵੰਡੀ ਗਈ।