ਮਾਛੀਵਾੜਾ/ਲੁਧਿਆਣਾ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਰਾਬ ਦੀ ਨਵੀਂ ਪਾਲਿਸੀ ਨੂੰ ਲੈ ਕੇ ਸ਼ਰਾਬ ਠੇਕੇਦਾਰਾਂ ਵਿਚਕਾਰ ਰੇੜਕਾ ਤਾਂ ਬਰਕਰਾਰ ਹੈ। ਅੱਜ 30 ਜੂਨ ਠੇਕਿਆਂ ਦੀ ਆਖ਼ਰੀ ਮਿਤੀ ਹੋਣ ਕਾਰਨ ਠੇਕੇਦਾਰਾਂ ਨੇ ਜਿਉਂ ਹੀ ਸਟਾਕ ਖ਼ਤਮ ਕਰਨ ਲਈ ਸ਼ਰਾਬ ਦੇ ਰੇਟ ਘਟਾਏ ਤਾਂ ਸ਼ਰਾਬੀ ਵੀ ਬੋਤਲਾਂ ਲੈਣ ਲਈ ਟੁੱਟ ਕੇ ਪੈ ਗਏ। ਅੱਜ ਸਵੇਰ ਤੋਂ ਹੀ ਮਾਛੀਵਾੜਾ ਸਰਕਲ, ਹੇਡੋਂ ਅਤੇ ਕੂੰਮਕਲਾਂ ਸਰਕਲ ‘ਚ ਸ਼ਰਾਬ ਦੇ ਸਟਾਕ ਖ਼ਤਮ ਕਰਨ ਲਈ ਠੇਕੇਦਾਰਾਂ ਵੱਲੋਂ ਰੇਟ ਘਟਾ ਦਿੱਤੇ ਗਏ।
ਕਈ ਸ਼ਰਾਬ ਠੇਕਿਆਂ ’ਤੇ ਹਾਲਾਤ ਅਜਿਹੇ ਹੋ ਗਏ ਕਿ ਉੱਥੇ ਸ਼ਰਾਬ ਹੀ ਮੁੱਕ ਗਈ, ਜਦੋਂ ਕਿ ਕਈ ਥਾਵਾਂ ’ਤੇ ਕੁੱਝ ਸਟਾਕ ਬਚਿਆ ਪਿਆ ਸੀ। ਉੱਥੇ ਹੀ ਸਸਤੀ ਸ਼ਰਾਬ ਨੂੰ ਦੇਖ ਕੇ ਸ਼ੌਕੀਨ ਦੂਜੇ ਠੇਕਿਆਂ ਵੱਲ ਭੱਜਦੇ ਦਿਖਾਈ ਦਿੱਤੇ। ਦੂਸਰੇ ਪਾਸੇ ਇਸ ਵਾਰ ਪੰਜਾਬ ਸਰਕਾਰ ਵੱਲੋਂ ਨਵੀਂ ਪਾਲਿਸੀ ਤਹਿਤ ਮਾਛੀਵਾੜਾ, ਕੂੰਮਕਲਾਂ ਤੇ ਹੇਡੋਂ ਦਾ ਇੱਕ ਸਰਕਲ ਬਣਾ ਦਿੱਤਾ ਗਿਆ ਹੈ, ਜਿਸ ਦੀ ਰਿਜ਼ਰਵ ਕੀਮਤ 33 ਕਰੋੜ ਰੁਪਏ ਰੱਖੀ ਗਈ ਹੈ।
ਇਸ ਸਰਕਲ ਦੇ ਪਿਛਲੇ ਟੈਂਡਰ ਦੀ ਮਿਤੀ ਦੌਰਾਨ ਕਿਸੇ ਵੀ ਠੇਕੇਦਾਰ ਨੇ ਇੰਨੇ ਮਹਿੰਗੇ ਭਾਅ ’ਤੇ ਸਰਕਲ ਦਾ ਟੈਂਡਰ ਨਾ ਪਾਇਆ। ਅੱਜ ਦੁਬਾਰਾ 30 ਜੂਨ ਨੂੰ ਮਾਛੀਵਾੜਾ ਸਰਕਲ ਦੇ ਠੇਕੇ ਦੀ ਨਿਲਾਮੀ ਲਈ ਟੈਂਡਰ ਰੱਖਿਆ ਗਿਆ ਹੈ ਅਤੇ ਜੇਕਰ ਅੱਜ ਵੀ ਕਿਸੇ ਠੇਕੇਦਾਰ ਨੇ ਦਿਲਚਸਪੀ ਨਾ ਦਿਖਾਈ ਤਾਂ ਭਲਕੇ ਸ਼ਰਾਬ ਦੇ ਠੇਕੇ ਕੁੱਝ ਦਿਨਾਂ ਲਈ ਬੰਦ ਵੀ ਹੋ ਸਕਦੇ ਹਨ।