ਪੰਜਾਬ ਨਿਊਜ਼
ਸਿਖਿਆਰਥੀਆਂ ਨੂੰ ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਦੀ ਸਥਿਤੀ ਤੋਂ ਮਾਹਿਰਾਂ ਨੇ ਕਰਵਾਇਆ ਜਾਣੂੰ
Published
2 years agoon
ਲੁਧਿਆਣਾ : ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਵਿੱਚ ਜਾਰੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸਿਖਲਾਈ ਦੌਰਾਨ ਅੱਜ ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਦੀ ਸਿੰਚਾਈ, ਘਰੇਲੂ ਅਤੇ ਉਦਯੋਗਿਕ ਵਰਤੋਂ ਦੀ ਸਥਿਤੀ ਅਤੇ ਇਸਦੀ ਸੰਭਾਲ ਬਾਰੇ ਮਾਹਿਰਾਂ ਨੇ ਵਿਸ਼ੇਸ਼ ਭਾਸ਼ਣ ਦਿੱਤੇ । ਇਸਰੋ ਦੇ ਸਪੇਸ ਐਪਲੀਕੇਸ਼ਨ ਸੈਂਟਰ ਤੋਂ ਡਾ. ਸ਼ਰਦ ਚੰਦਰ ਨੇ ਰਿਮੋਟ ਸੈਂਸਿੰਗ ਦੀ ਵਰਤੋਂ ਕਰਕੇ ਪਾਣੀ ਦੇ ਮਿਆਰ ਦੀ ਪਰਖ ਦੇ ਤਰੀਕੇ ਸਾਂਝੇ ਕੀਤੇ ।
ਉਹਨਾਂ ਦੱਸਿਆ ਕਿ ਬੀਤੇ ਕੁਝ ਸਾਲਾਂ ਵਿੱਚ ਅਬਾਦੀ ਵਿੱਚ ਵਾਧੇ ਨਾਲ ਕੁਦਰਤੀ ਜਲ ਸਰੋਤ ਬੇਹੱਦ ਦੂਸ਼ਿਤ ਹੋਏ ਹਨ । ਉਹਨਾਂ ਇਸ ਪ੍ਰਦੂਸ਼ਣ ਨੂੰ ਭਵਿੱਖ ਵਿੱਚ ਮਨੁੱਖੀ ਨਸਲਾਂ ਲਈ ਬੇਹੱਦ ਮਾਰੂ ਦਸਦਿਆਂ ਕਿਹਾ ਕਿ ਸਰਕਾਰ ਨੇ ਇਸ ਦਿਸ਼ਾ ਵਿੱਚ ਕੁਝ ਜ਼ਰੂਰੀ ਕਦਮ ਉਠਾਏ ਹਨ ਪਰ ਨਤੀਜੇ ਹੋਰ ਬਿਹਤਰ ਹੋਣ ਵਿੱਚ ਅਜੇ ਸਮਾਂ ਲੱਗੇਗਾ । ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਿਟੀ ਦੇ ਤਕਨੀਕੀ ਸਲਾਹਕਾਰ ਵਜੋਂ ਸ਼ਾਮਿਲ ਹੋਏ ਸ਼੍ਰੀ ਰਾਜੇਸ਼ ਵਸ਼ਿਸ਼ਟ ਨੇ ਪੰਜਾਬ ਵਿੱਚ ਸਿੰਚਾਈ ਲਈ ਵਰਤੇ ਜਾਣ ਵਾਲੇ ਪਾਣੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ।
ਉਹਨਾਂ ਦੱਸਿਆ ਕਿ ਪਿਛਲੇ 20 ਸਾਲਾਂ ਦੌਰਾਨ ਸਿੰਚਾਈ ਲਈ ਪਾਣੀ ਦੀ ਖਪਤ ਵਧੀ ਹੈ ਅਤੇ ਨਾਲ ਹੀ ਸਾਡੇ ਜਲ ਸਰੋਤਾਂ ਵਿੱਚ ਕਮੀ ਆਈ ਹੈ । ਉਹਨਾਂ ਨੇ ਇਸ ਸੰਬੰਧ ਵਿੱਚ ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਵੇਰਵਾ ਵੀ ਦਿੱਤਾ । ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਨਿਰਦੇਸ਼ਕ ਡਾ. ਬਿ੍ਰਜੇਂਦਰ ਪਟੇਰੀਆ ਨੇ ਇਹਨਾਂ ਮਾਹਿਰਾਂ ਦਾ ਸਵਾਗਤ ਕੀਤਾ । ਉਹਨਾਂ ਕਿਹਾ ਕਿ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦਾ ਉਦੇਸ਼ ਨਵੀਂ ਤਕਨੀਕ ਨੂੰ ਖੇਤੀ ਮਾਹਿਰਾਂ ਦੀ ਖੋਜ ਦਾ ਮਾਧਿਅਮ ਬਨਾਉਣਾ ਹੈ ।
ਕੋਰਸ ਦੇ ਕੁਆਰਡੀਨੇਟਰ ਡਾ. ਆਰ ਕੇ ਸੇਤੀਆ ਨੇ ਦੋਹਾਂ ਮਹਿਮਾਨਾਂ ਨਾਲ ਸਿਖਿਆਰਥੀਆਂ ਦੀ ਜਾਣ-ਪਛਾਣ ਕਰਾਈ । ਉਹਨਾਂ ਨੇ ਸਿਖਲਾਈ ਕੋਰਸ ਦੇ ਢੁੱਕਵੇਂ ਤਰੀਕੇ ਨਾਲ ਚੱਲਣ ਤੇ ਸਿਖਿਆਰਥੀਆਂ ਦੀ ਤਾਰੀਫ ਵੀ ਕੀਤੀ । ਅੰਤ ਵਿੱਚ ਡਾ. ਸੁਮਿਤ ਕੁਮਾਰ ਨੇ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਖੋਜਾਰਥੀ ਚਰਨਜੀਤ ਸਿੰਘ, ਰੇਵਤੀ ਨਇਅਰ, ਸੁਮਨ ਕੁਮਾਰੀ ਅਤੇ ਭੁਪਿੰਦਰ ਸਿੰਘ ਵੀ ਮੌਜੂਦ ਸਨ ।