ਲੁਧਿਆਣਾ : ਵਿਧਾਨ ਸਭਾ ਹਲਕਾ ਗਿੱਲ ਤੋ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਕੁਲਦੀਪ ਸਿੰਘ ਵੈਦ ਨੇ ਆਪਣਾ ਚੋਣ ਪ੍ਰਚਾਰ ਧੰਨ ਧੰਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਤੋ ਓਟ ਆਸਰਾ ਲੈ ਕੇ ਸੁਰੂ ਕੀਤਾ। ਉਹਨਾਂ ਆਪਣੇ ਮੁੱਖ ਦਫਤਰ ਫਲਾਵਰ ਚੌਂਕ ਨੇੜੇ ਫੁੱਲਾਂਵਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ। ਉਪਰੰਤ ਪੰਥ ਪ੍ਰਸਿੱਧ ਕੀਰਤਨੀ ਜੱਥੇ ਨੇ ਮਨੋਹਰ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਉਦਘਾਟਨੀ ਸਮਾਗਮ ਵਿੱਚ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਲੁਧਿਆਣਾ ਅਤੇ ਭਾਰਤ ਭੂਸਣ ਆਸੂ ਕੈਬਨਿਟ ਮੰਤਰੀ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ। ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਜੋ ਸਾਨੂੰ ਗਿੱਲ ਹਲਕੇ ਲਈ ਉਮੀਦਵਾਰ ਕੁਲਦੀਪ ਸਿੰਘ ਵੈਦ ਦੇ ਰੂਪ ਵਿੱਚ ਦਿੱਤਾ ਹੈ ਉਹ ਪਾਰਟੀ ਦੀ ਹਰ ਕਸੋਟੀ ਤੇ ਖਰਾ ਉਤਰਦੇ ਰਹੇ ਹਨ।
ਇੰਨਾਂ ਨੇ ਆਪਣੇ 5 ਸਾਲ ਦੇ ਕਾਰਜਕਾਲ ਵਿੱਚ ਜੋ ਹਲਕਾ ਗਿੱਲ ਅੰਦਰ ਵਿਕਾਸ ਦੇ ਕਾਰਜ ਕਰਵਾਏ ਹਨ ਉਹ ਆਪਣ ਆਪ ਵਿੱਚ ਮਿਸਾਲ ਤਾਂ ਹਨ ਹੀ ਪਰ ਵਿਰੋਧੀਆਂ ਕੋਲ ਉਹਨਾਂ ਦਾ ਕੋਈ ਵੀ ਤੋੜ ਨਹੀ ਹੈ। ਇਸ ਲਈ ਹਲਕਾ ਗਿੱਲ ਦੀ ਬਿਹਤਰੀ ਲਈ ਅਤੇ ਹਲਕੇ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਤੇ ਲਿਜਾਣ ਲਈ ਇਸ ਵਾਰ ਵੀ ਇੱਕ ਵਾਰ ਫਿਰ ਕੁਲਦੀਪ ਸਿੰਘ ਵੈਦ ਨੂੰ ਕਾਮਯਾਬ ਕਰਨਾ ਜਰੂਰੀ ਹੈ।
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸੂ ਨੇ ਹਾਜਰ ਸੰਗਤਾਂ ਅਤੇ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਹਲਕਾ ਗਿੱਲ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਵੈਦ ਵੱਲੋਂ ਹਲਕੇ ਅੰਦਰ ਕੀਤੇ ਵਿਕਾਸ ਕਾਰਜਾਂ ਦਾ ਮੁੱਲ 20 ਫਰਵਰੀ ਨੂੰ ਉਹਨਾਂ ਦੇ ਹੱਕ ਵਿੱਚ ਵੋਟਾਂ ਪਾ ਕੇ ਜਰੂਰ ਮੋੜਿਆ ਜਾਵੇ। ਅੰਤ ਵਿੱਚ ਕੁਲਦੀਪ ਸਿੰਘ ਵੈਦ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।