ਪੰਜਾਬ ਨਿਊਜ਼
ਕੇਜਰੀਵਾਲ ਤੇ CM ਭਗਵੰਤ ਮਾਨ ਨੇ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ ਸੇਵਾ ਨੂੰ ਦਿੱਤੀ ਹਰੀ ਝੰਡੀ
Published
2 years agoon
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਜਲੰਧਰ ਪਹੁੰਚੇ। ਇਸ ਮੌਕੇ ਅਰਵਿੰਦ ਕੇਜਰੀਵਾਲ ਅਤੇ CM ਭਗਵੰਤ ਮਾਨ ਨੇ ਪੰਜਾਬ ਸਰਕਾਰ ਦੀਆਂ ਵੋਲਵੋ ਬੱਸਾਂ ਨੂੰ ਹਰੀ ਝੰਡੀ ਵਿਖਾ ਕੇ ਦਿੱਲੀ ਦੇ ਇੰਦਰ ਗਾਂਧੀ ਏਅਰਪੋਰਟ ਲਈ ਰਵਾਨਾ ਕੀਤਾ ।
ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜਲੰਧਰ ਫੇਰੀ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਤੇ ਜਲੰਧਰ ਦੇ ਹੋਰ ਵਿਧਾਇਕ ਮੌਜੂਦ ਰਹੇ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਿਆ ਦਾ ਧੰਨਵਾਦ ਕੀਤਾ ਹੈ । ਉਨ੍ਹਾਂ ਕਿਹਾ ਕਿ ਅਸੀਂ ਕੇਜਰੀਵਾਲ ਜੀ ਦਾ ਧੰਨਵਾਦ ਕਰਦੇ ਹਾਂ ਕਿ ਜਿੰਨ੍ਹਾਂ ਨੇ ਸਰਕਾਰੀ ਬੱਸ ਸੇਵਾ ਨੂੰ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬੀਆਂ ਨੂੰ ਜੋ ਕਿਹਾ ਹੈ ਅਸੀਂ ਉਹ ਸਾਰੇ ਵਾਅਦੇ ਪੂਰੇ ਕਰਾਂਗੇ।
ਦੱਸ ਦੇਈਏ ਕਿ CM ਮਾਨ ਤੇ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੇ ਨਮਨ ਕੀਤਾ ਅਤੇ ਫਿਰ ਡੀਲਕਸ ਵੋਲਵੋ ਬੱਸਾਂ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ।
ਇਸ ਮੌਕੇ ਉਨ੍ਹਾਂ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਕੁੱਲ 55 ਵੋਲਵੋ ਬੱਸਾਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ । ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੋਲਵੋ ਸੇਵਾ ਸ਼ੁਰੂ ਕਰਨ ਲਈ ਸੀਐਮ ਮਾਨ ਦਾ ਧੰਨਵਾਦ ਕੀਤਾ ।
ਦੱਸਣਯੋਗ ਹੈ ਕਿ ਦਿੱਲੀ ਏਅਰਪੋਰਟ ਨੂੰ ਜਾਣ ਵਾਲੀਆਂ ਇਨ੍ਹਾਂ ਬੱਸਾਂ ਦਾ ਕਿਰਾਇਆ ਸਿਰਫ 1170 ਰੁਪਏ ਹੈ। ਪਹਿਲਾਂ ਪ੍ਰਾਈਵੇਟ ਬੱਸਾਂ ਵਿੱਚ ਹੀ ਸਫ਼ਰ 2850 ਰੁਪਏ ਵਿੱਚ ਕਰਨਾ ਪੈਂਦਾ ਸੀ। ਹੁਣ ਲੋਕਾਂ ਨੂੰ ਕਿਰਾਏ ਵਿੱਚ ਸਿੱਧਾ-ਸਿੱਧਾ 1680 ਰੁਪਏ ਦਾ ਫਾਇਦਾ ਹੋਵੇਗਾ। ਇਨ੍ਹਾਂ ਬੱਸਾਂ ਲਈ ਅੱਜ ਤੋਂ ਬੁਕਿੰਗ http://www.punbusonline.com/ ਤੇ http://www.pepsuonline.com ‘ਤੇ ਸ਼ੁਰੂ ਹੋ ਗਈ ਹੈ।