ਪੰਜਾਬੀ
ਤਿੰਨ ਸਾਲ ਤੋਂ ਬੰਦ ਪਿਆ ਕਪੂਰ ਹਸਪਤਾਲ ਹੁਣ ਸਰਕਾਰੀ ਹਸਪਤਾਲ ਵਾਂਗ ਚੱਲੇਗਾ, 6 ਮਹੀਨਿਆਂ ‘ਚ ਸ਼ੁਰੂ ਹੋਣ ਦੀ ਆਸ
Published
3 years agoon
ਲੁਧਿਆਣਾ : ਤਿੰਨ ਸਾਲ ਤੋਂ ਬੰਦ ਪਏ ਕਪੂਰ ਹਸਪਤਾਲ ਦੇ ਨਵੀਨੀਕਰਨ ਦੀ ਕਵਾਇਦ ਸਰਕਾਰੀ ਹਸਪਤਾਲ ਵਾਂਗ ਸ਼ੁਰੂ ਤੇ ਚਲਾਈ ਜਾ ਰਹੀ ਹੈ। ਫਰਵਰੀ 2019 ਵਿੱਚ ਘਾਟੇ ਕਾਰਨ ਲਾਹੌਰ ਹਸਪਤਾਲ ਸੋਸਾਇਟੀ ਵਲੋਂ ਇਸ ਹਸਪਤਾਲ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ। ਪਰ 100 ਬਿਸਤਰਿਆਂ ਦੀ ਸਮਰੱਥਾ ਵਾਲੇ ਇਸ ਹਸਪਤਾਲ ਨੂੰ ਚਲਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਅਜਿਹੇ ‘ਚ ਜੇਕਰ ਇਹ ਸਫਲਤਾ ਹਾਸਲ ਹੋ ਜਾਂਦੀ ਹੈ ਤਾਂ ਇਸ ਨਾਲ ਇਲਾਕਾ ਨਿਵਾਸੀਆਂ ਨੂੰ ਕਾਫੀ ਰਾਹਤ ਮਿਲ ਸਕਦੀ ਹੈ।
ਸਰਕਾਰੀ ਹਸਪਤਾਲ ਦੀ ਤਰ੍ਹਾਂ ਚੱਲਣ ਨਾਲ ਨਾ ਸਿਰਫ ਸਿਵਲ ਹਸਪਤਾਲ ‘ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਘੱਟ ਹੋਵੇਗੀ, ਸਗੋਂ ਨਿੱਜੀ ਹਸਪਤਾਲ ‘ਚ ਜਾ ਕੇ ਇਲਾਜ ਕਰਵਾਉਣ ਵਾਲਿਆਂ ਨੂੰ ਵੀ ਰਾਹਤ ਮਿਲੇਗੀ। ਹਸਪਤਾਲ ਨੂੰ ਬੰਦ ਨਾ ਕਰਨ ਲਈ ਹਸਪਤਾਲ ਦੇ ਸਟਾਫ ਵੱਲੋਂ 25 ਦਿਨਾਂ ਤੱਕ ਧਰਨਾ ਵੀ ਦਿੱਤਾ ਗਿਆ ਪਰ ਮੰਗ ਪੂਰੀ ਨਾ ਹੋਣ ‘ਤੇ ਅਖੀਰ ਹਸਪਤਾਲ ਬੰਦ ਕਰ ਦਿੱਤਾ ਗਿਆ।
ਕੋਵਿਡ ਦੌਰਾਨ ਵੀ ਹਸਪਤਾਲਾਂ ਵਿਚ ਬੈੱਡਾਂ ਦੀ ਘਾਟ ਹੋਣ ਕਾਰਨ ਕਈ ਸੰਸਥਾਵਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਇਹ ਹਸਪਤਾਲ ਸ਼ੁਰੂ ਕਰਨ ਦੀ ਮੰਗ ਉਠਾਈ ਗਈ ਸੀ, ਪਰ ਉਸ ਵਿਚ ਵੀ ਸਫ਼ਲਤਾ ਹਾਸਲ ਨਹੀਂ ਹੋ ਸਕੀ। ਹਸਪਤਾਲ ਦੀ ਸਾਬਕਾ ਮੁਲਾਜ਼ਮ ਤੇ ਯੂਨੀਅਨ ਦੀ ਪ੍ਰਧਾਨ ਮਨਜੀਤ ਕੌਰ ਨੇ ਦੱਸਿਆ ਕਿ 100 ਬੈੱਡਾਂ ਦੀ ਸਮਰੱਥਾ ਵਾਲੇ ਇਸ ਹਸਪਤਾਲ ਵਿਚ ਤਿੰਨ ਵਾਰਡ ਸਿਰਫ ਗਾਇਨੀ ਨਾਲ ਸਬੰਧਤ ਮਰੀਜ਼ਾਂ ਲਈ ਰੱਖੇ ਗਏ ਸਨ।
ਹਸਪਤਾਲ ਵਿੱਚ 30-35 ਮਾਹਰ ਡਾਕਟਰ ਅਤੇ 150 ਦੇ ਕਰੀਬ ਸਟਾਫ ਅਤੇ ਪੈਰਾਮੈਡੀਕਲ ਸਟਾਫ ਸੀ। ਜੇਕਰ ਸਰਕਾਰ ਵੱਲੋਂ ਇਸ ਹਸਪਤਾਲ ਨੂੰ ਸਰਕਾਰੀ ਹਸਪਤਾਲ ਵਜੋਂ ਮੁੜ ਚਾਲੂ ਕੀਤਾ ਜਾਂਦਾ ਹੈ ਤਾਂ ਇੱਥੋਂ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ। ਹਸਪਤਾਲ ਦੇ ਸਾਬਕਾ ਐੱਮ ਐੱਸ ਡਾ ਟੀ ਐੱਸ ਚੀਮਾ ਦੀ ਪਤਨੀ ਡਾ ਰਾਜ ਚੀਮਾ ਨੇ ਦੱਸਿਆ ਕਿ ਉਸ ਸਮੇਂ ਹਸਪਤਾਲ ਮਲਟੀ-ਸਪੈਸ਼ਲਿਟੀ ਸੀ ਅਤੇ ਸਾਰੀਆਂ ਸਿਹਤ ਸਹੂਲਤਾਂ ਉਪਲੱਬਧ ਸਨ।
ਲੁਧਿਆਣਾ ਸੈਂਟਰਲ ਦੇ ਵਿਧਾਇਕ ਅਸ਼ੋਕ ਪਰਾਸ਼ਰ ਦਾ ਕਹਿਣਾ ਹੈ ਕਿ ਬੀਐਲ ਕਪੂਰ ਹਸਪਤਾਲ ਨੂੰ ਸਰਕਾਰੀ ਹਸਪਤਾਲ ਦੀ ਤਰ੍ਹਾਂ ਚਲਾਵਾਂਗੇ। ਸਿਵਲ ਹਸਪਤਾਲ ਵਿਚ ਜਿਸ ਤਰ੍ਹਾਂ ਦਾ ਮੁਫਤ ਜਾਂ ਘੱਟ ਕੀਮਤ ਵਾਲਾ ਇਲਾਜ ਮਿਲਦਾ ਹੈ, ਉਹੋ ਜਿਹਾ ਹੀ ਇਥੇ ਹੋਵੇਗਾ। ਇਸ ਦੇ ਲਈ ਅਸੀਂ ਸਿਹਤ ਮੰਤਰੀ ਨਾਲ ਮੀਟਿੰਗ ਕਰ ਕੇ ਸਾਰੀਆਂ ਗੱਲਾਂ ‘ਤੇ ਚਰਚਾ ਕਰਾਂਗੇ ਤਾਂ ਜੋ ਇੱਥੇ ਸਟਾਫ਼ ਤੇ ਸਾਜ਼ੋ-ਸਾਮਾਨ ਮਿਲ ਸਕੇ। ਇਸ ਹਸਪਤਾਲ ਨੂੰ 6 ਮਹੀਨਿਆਂ ‘ਚ ਚਾਲੂ ਕਰਨ ਦੀ ਕੋਸ਼ਿਸ਼ ਹੋਵੇਗੀ।