ਲੁਧਿਆਣਾ : ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਭਰ ਦੀਆਂ ਲਗਭਗ ਸਾਰੀਆਂ ਵੱਡੀਆਂ ਜੱਥੇਬੰਦੀਆਂ ਨੇ ਸ਼ਮੂਲੀਅਤ ਕਰਕੇ ਵੱਡਾ ਫੈਸਲਾ ਕਰਦੇ ਹੋਏ ਚੱਲ ਰਹੀ ਹੜਤਾਲ ਵਿੱਚ ਮਿਤੀ 31 ਦਸੰਬਰ 2021 ਤੱਕ ਵਾਧਾ ਕਰ ਦਿੱਤਾ ਗਿਆ।
ਇਸ ਮੌਕੇ ਮੰਚ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ/ਤਨਖਾਹ ਕਮਿਸ਼ਨ ਵੱਲੋਂ ਮੁਲਾਜ਼ਮਾਂ ਅਤੇ ਰਿਟਾਇਰੀਆਂ ਦੀਆਂ ਕੁੱਝ ਮੰਨੀਆਂ ਗਈਆਂ ਮੰਗਾਂ ਜਿਵੇਂ ਕਿ ਪਰਖਕਾਲ ਅਤੇ ਤਰੱਕੀ ਵਾਲੇ ਸਾਥੀਆਂ ਨੂੰ ਬਣਦਾ ਲਾਭ ਦੇਣ ਸਬੰਧੀ, ਡੀ.ਏ. ਮਿਤੀ 01-07-2021 ਤੋਂ ਜਾਰੀ ਕਰਨ, ਪੈਨਸ਼ਰਜ ਨੂੰ 2.59 ਦੇ ਫਾਰਮੂਲੇ ਨਾਲ ਪੈਨਸ਼ਨ ਸੋਧਣ, 24 ਕੈਟਾਗਰੀਆਂ ਨੂੰ 2.59 ਨਾਲ ਲਾਭ ਦੇਣ, ਵੱਖ-ਵੱਖ ਤਰ੍ਹਾਂ ਦੇ ਖਤਮ ਕੀਤੇ ਭੱਤੇ ਬਹਾਲ ਕਰਨ ਆਦਿ ਸਬੰਧੀ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ।
ਇਸ ਤੋਂ ਇਲਾਵਾ ਬਾਕੀ ਰਹਿੰਦੀਆਂ ਮੰਗਾਂ ਜਿਵੇਂ ਕਿ 15 ਪ੍ਰਤੀਸ਼ਤ ਦਾ ਲਾਭ 119 ਪ੍ਰਤੀਸ਼ਤ ਨਾਲ ਦਿੱਤਾ ਜਾਵੇ, 15-01-2015, 17-07-2020 ਦਾ ਪੱਤਰ ਵਾਪਿਸ ਲਿਆ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪਰੋਬੇਸ਼ਨ ਤੇ ਕੰਮ ਕਰ ਰਹੇ ਸਾਧੀਆਂ ਨੂੰ ਸੋਧੀ ਤਨਖਾਹ ਦਿੱਤੀ ਜਾਵੇ, ਅਨਰੀਵਾਈਜ਼ਡ ਡੀ.ਏ. ਦੀਆਂ ਕਿਸ਼ਤਾਂ ਨੋਟੀਫਾਈਡ ਕੀਤੀਆਂ ਜਾਣ, 01-07-2015 ਤੋਂ ਰਹਿੰਦੀ ਡੀ.ਏ. ਦੀ ਕਿਸ਼ਤ ਜਾਰੀ ਕੀਤੀ ਜਾਵੇ, ਛੇਵੇਂ ਤਨਖਾਹ ਕਮਿਸ਼ਨ ਤਹਿਤ ਡੀ.ਸੀ. ਆਰ. ਜੀ. ਅਤੇ ਲੀਵ ਇੰਨਕੈਸ਼ਮੈਂਟ ਦੇਣ ਲਈ ਪੱਤਰ ਜਾਰੀ ਕੀਤੇ ਜਾਣ ਅਤੇ ਕੱਚੇ ਕਰਮਚਾਰੀਆ ਨੂੰ ਪੱਕਾ ਕੀਤਾ ਜਾਵੇ ਆਦਿ ਮੰਗਾਂ ਦੀ ਪੂਰਤੀ ਜਲਦੀ ਤੋਂ ਜਲਦੀ ਕੀਤੀ ਜਾਵੇ ।
ਅੱਜ ਦੀ ਇਸ ਮੀਟਿੰਗ ਵਿੱਚ ਸਾਂਝੇ ਮੰਚ ਵੱਲੋਂ ਮਤਾ ਪਾਉਂਦੇ ਹੋਏ ਕਿਹਾ ਗਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੁਲਿਸ ਮੁਲਾਜ਼ਮਾਂ ਵਿਰੁੱਧ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਨਿਖੇਧੀ ਕੀਤੀ ਜਾਂਦੀ ਹੈ ਅਤੇ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਆਪਣੀ ਸ਼ਬਦਾਵਲੀ ਨੂੰ ਸਲੀਕੇ ਨਾਲ ਵਰਤਣ ਲਈ ਪਾਬੰਦ ਕਰਨ ।
ਇਹ ਵੀ ਮਤਾ ਪਾਇਆ ਗਿਆ ਕਿ ਪੰਜਾਬ ਦੇ ਕਿਸੇ ਵੀ ਜਿਲ੍ਹੇ ਜਾਂ ਸ਼ਹਿਰ ਵਿੱਚ ਕਾਂਗਰਸ ਪਾਰਟੀ ਦੇ ਕਿਸੇ ਵੀ ਆਗੂ ਵੱਲੋਂ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਜਾਂਦਾ ਹੈ ਤਾਂ ਮੰਚ ਵੱਲੋਂ ਉਸ ਆਗੂ ਦਾ ਘਿਰਾਓ ਕੀਤਾ ਜਾਵੇਗਾ । ਇਸ ਲੜੀ ਦੀ ਸ਼ੁਰੂਆਤ ਕਰਦੇ ਹੋਏ ਉੱਪ ਮੁੱਖ ਮੰਤਰੀ ਓ.ਪੀ. ਸੋਨੀ ਵੱਲੋਂ ਸੰਗਰੂਰ ਵਿਖੇ ਕੀਤੇ ਜਾ ਰਹੇ ਹਸਪਤਾਲ ਦੇ ਉਦਘਾਟਨ ਸਮਾਰੋਹ ਦਾ ਵਿਰੋਧ ਕੀਤਾ ਜਾਵੇਗਾ ।
ਅਗਲੇ ਐਕਸ਼ਨਾਂ ਦਾ ਐਲਾਨ ਕਰਦੇ ਹੋਏ ਕਿਹਾ ਗਿਆ ਕਿ 03 ਜਨਵਰੀ 2021 ਤੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਕੂਟਰ/ਪੈਦਲ ਰੋਸ ਮੁਜਾਹਰਾ ਕਰਦੇ ਹੋਏ ਸਰਕਾਰ ਦੀਆਂ ਝੂਠੀਆਂ ਨੀਤੀਆਂ ਦੀ ਪੋਲ ਖੋਲ੍ਹੀ ਜਾਵੇਗੀ । ਇਸ ਉਪਰੰਤ 11 ਜਨਵਰੀ 2021 ਨੂੰ ਮੋਹਾਲੀ ਵਿਖੇ ਮਹਾਂਰੈਲੀ ਰੱਖੀ ਜਾਵੇਗੀ ਜਿਸ ਉਪਰੰਤ ਰੋਸ ਮੁਜ਼ਾਹਰਾ ਕਰਦੇ ਹੋਏ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ।