ਲੁਧਿਆਣਾ : ਐੱਸ. ਟੀ. ਐੱਫ. ਦੀ ਪੁਲਿਸ ਨੇ 208 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਆਈਸ ਦੀ ਬਰਾਮਦਗੀ ਦੇ ਮਾਮਲੇ ‘ਚ ਲੋੜੀਂਦੇ ਮੁੱਖ ਕਥਿਤ ਦੋਸ਼ੀ ਨੂੰ ਪੁਲਿਸ ਨੇ ਜੰਮੂ ਕਸ਼ਮੀਰ ਤੋਂ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਐੱਸ. ਟੀ. ਐੱਫ. ਦੇ ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਮੁੱਖ ਕਥਿਤ ਦੋਸ਼ੀ ਵਿਸ਼ਾਲ ਕੁਮਾਰ ਉਰਫ ਵਿਨੈ ਨੂੰ ਪੁਲਿਸ ਨੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਤੋਂ ਗਿ੍ਫ਼ਤਾਰ ਕੀਤਾ ਹੈ ਤੇ ਉਸ ਨੂੰ ਲੁਧਿਆਣਾ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਪੁਲਿਸ ਵਲੋਂ ਵਿਸ਼ਾਲ ਕੁਮਾਰ ਉਰਫ ਵਿਨੈ ਦੇ ਦੋ ਸਾਥੀਆਂ ਹਰਪ੍ਰੀਤ ਸਿੰਘ ਉਰਫ ਬੌਬੀ ਵਾਸੀ ਪਿੰਡ ਸੁਨੇਤ ਤੇ ਅਰਜੁਨ ਸਿੰਘ ਵਾਸੀ ਅੰਬੇਡਕਰ ਨਗਰ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ 20 ਕਿੱਲੋ 800 ਨਸ਼ੀਲਾ ਪਦਾਰਥ ਆਈਸ ਬਰਾਮਦ ਕੀਤਾ ਸੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 208 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਸ਼ਾਲ ਕੁਮਾਰ ਉਰਫ ਵਿਨੇ ਦੀ ਗਿ੍ਫ਼ਤਾਰੀ ਤੋਂ ਬਾਅਦ ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ।