ਲੁਧਿਆਣਾ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਰਕਾਰੀ ਹਾਈ ਸਕੂਲ ਫੁੱਲਾਂਵਾਲ ਦੇ ਸਾਬਕਾ ਇੰਚਾਰਜ ਰਸ਼ਪਾਲ ਸਿੰਘ ਵੱਲੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਬੋਰਡ ਫੀਸਾਂ ਨਾ ਜਮ੍ਹਾ ਕਰਵਾਉਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਪੰਜਾਬ ਨੂੰ ਲਿਖੇ ਪੱਤਰ ਵਿੱਚ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਫੁੱਲਾਂਵਾਲ ਦੇ ਸਰਕਾਰੀ ਹਾਈ ਸਕੂਲ ਵਿੱਚ 10ਵੀਂ ਜਮਾਤ ਵਿੱਚ 102 ਵਿਦਿਆਰਥੀ ਸਨ। ਉਨ੍ਹਾਂ ਦੱਸਿਆ ਕਿ ਹਰੇਕ ਵਿਦਿਆਰਥੀ ਨੇ ਸਮੇਂ ਸਿਰ ਸਕੂਲ ਇੰਚਾਰਜ ਰਸ਼ਪਾਲ ਸਿੰਘ (ਹੁਣ ਬਦਲੀ ਹੋ ਚੁੱਕੀ) ਕੋਲ ਬੋਰਡ ਫੀਸ ਵਜੋਂ 1200 ਰੁਪਏ ਜਮ੍ਹਾਂ ਕਰਵਾਏ ਸਨ, ਪਰ ਮਗਰੋਂ ਉਹ ਇਹ ਰਕਮ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਨਿਰਧਾਰਤ ਮਿਤੀ ਅਨੁਸਾਰ ਜਮ੍ਹਾਂ ਕਰਵਾਉਣ ਵਿੱਚ ਅਸਫਲ ਰਿਹਾ। ਜਿਸ ਤੋਂ ਬਾਅਦ ਬੋਰਡ ਨੇ ਹਰੇਕ ਵਿਦਿਆਰਥੀ ‘ਤੇ 4000 ਰੁਪਏ ਲੇਟ ਫੀਸ/ਜ਼ੁਰਮਾਨਾ ਲਗਾਇਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਾਪੇ ਇਸ ਲਈ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੇ ਰਸ਼ਪਾਲ ਸਿੰਘ ਨੂੰ ਬੋਰਡ ਦੀ ਫੀਸ ਸਮੇਂ ਸਿਰ ਅਦਾ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਦੋਂ ਸਕੂਲ ਦੇ ਅਧਿਆਪਕਾਂ ਨੇ ਸਮੂਹਿਕ ਤੌਰ ‘ਤੇ ਯੋਗਦਾਨ ਪਾਇਆ ਅਤੇ ਹਰੇਕ ਵਿਦਿਆਰਥੀ ਤੋਂ ਜੁਰਮਾਨੇ ਸਮੇਤ ਬੋਰਡ ਫੀਸਾਂ ਦਾ ਭੁਗਤਾਨ ਕੀਤਾ।
ਉਨ੍ਹਾਂ ਕਿਹਾ ਕਿ ਰਸ਼ਪਾਲ ਸਿੰਘ ਦੇ ਆਚਰਣ ਕਾਰਨ ਅਧਿਆਪਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪ੍ਰਮੁੱਖ ਸਕੱਤਰ ਨੂੰ ਇਸ ਘਟਨਾ ਦੀ ਜਾਂਚ ਸ਼ੁਰੂ ਕਰਨ, ਰਸ਼ਪਾਲ ਸਿੰਘ ਤੋਂ ਰਾਸ਼ੀ ਵਸੂਲਣ ਅਤੇ ਅਧਿਆਪਕਾਂ ਨੂੰ ਵਾਪਸ ਕਰਨ ਦੇ ਨਾਲ-ਨਾਲ ਦੋਸ਼ੀ ਖਿਲਾਫ ਕਾਰਵਾਈ ਕਰਨ ਲਈ ਵੀ ਕਿਹਾ।