ਲੁਧਿਆਣਾ : ਨਸ਼ੇ ‘ਚ ਟੱਲੀ ਹੋਏ ਤਿੰਨ ਨੌਜਵਾਨਾਂ ਨੇ ਦੁਕਾਨਦਾਰ ਤੇ ਉਸ ਦੇ ਪਿਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ । ਹਮਲੇ ਦੇ ਦੌਰਾਨ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਤੇ ਪਿਓ ਪੁੱਤ ਨੂੰ ਫੱਟੜ ਕਰ ਦਿੱਤਾ। ਇਸ ਮਾਮਲੇ ‘ਚ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਵਿਜੈਇੰਦਰ ਨਗਰ ਦੇ ਰਹਿਣ ਵਾਲੇ ਸਤਿੰਦਰਪਾਲ ਦੇ ਬਿਆਨ ਉੱਪਰ ਬਾਬਾ ਮੁਕੰਦਪੁਰ ਨਗਰ ਦੇ ਰਹਿਣ ਵਾਲੇ ਸੰਦੇਵਸਰ ਤੇ ਦੋ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸਤਿੰਦਰ ਪਾਲ ਨੇ ਦੱਸਿਆ ਕਿ ਜੈਨ ਕਲੋਨੀ ਇਲਾਕੇ ‘ਚ ਉਸ ਦਾ ਗੋਇਲ ਕਰਿਆਨਾ ਸਟੋਰ ਹੈ। ਸਤਿੰਦਰ ਪਾਲ ਨੇ ਦੱਸਿਆ ਕਿ ਤਿੰਨੋਂ ਮੁਲਜ਼ਮ ਐਕਟਿਵਾ ਸਕੂਟਰ ਤੇ ਸਵਾਰ ਹੋ ਕੇ ਆਏ ਤੇ ਉਸ ਦੇ ਪਿਤਾ ਪਵਨ ਕੁਮਾਰ ਗੋਇਲ ਨਾਲ ਉਲਝਣ ਲੱਗ ਪਏ ।
ਨਸ਼ੇ ਵਿੱਚ ਧੁੱਤ ਹੋਏ ਤਿੰਨਾਂ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਤਿੰਦਰਪਾਲ ਤੇ ਉਸ ਦੇ ਪਿਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ । ਲੋਕਾਂ ਦੀ ਮਦਦ ਨਾਲ ਸਤਿੰਦਰ ਪਾਲ ਨੇ ਸੰਦੇਸਵਰ ਨੂੰ ਮੌਕੇ ਤੋਂ ਹੀ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ। ਇਸ ਮਾਮਲੇ ‘ਚ ਜਾਂਚ ਅਧਿਕਾਰੀ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੌਕੇ ਤੋਂ ਐਕਟਿਵਾ ਸਕੂਟਰ ਵੀ ਬਰਾਮਦ ਕਰ ਲਿਆ ਹੈ ਤੇ ਫਰਾਰ ਹੋਏ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।