ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ, ਲੁਧਿਆਣਾ ਵਿਖੇ ਅੰਤਰ – ਰਾਸ਼ਟਰੀ ਕਵਿਤਾ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਸ਼ਾ ਵਿਭਾਗਾਂ ਵਲੋਂ ਅੰਤਰ ਕਲਾਸ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਨੇ ਵੱਖ -ਵੱਖ ਕਵੀਆਂ ਦੁਆਰਾ ਰਚਿਤ ਅਤੇ ਸ੍ਵੈ ਰਚਿਤ ਰਚਨਾਵਾਂ ਰਾਹੀਂ ਆਪਣੇ ਹੁਨਰ ਦੀ ਪੇਸ਼ਕਾਰੀ ਕੀਤੀ।
ਇਹ ਮੰਚ ਅਜੋਕੀ ਪੀੜ੍ਹੀ ਲਈ ਨਵੇਂ ਕਵੀ ਸਿਰਜਣ ਦਾ ਇੱਕ ਸੁਨਹਿਰੀ ਮੌਕਾ ਸੀ। ਵਿਦਿਆਰਥਣਾਂ ਨੇ ਜਿੱਥੇ ਭਿੰਨ – ਭਿੰਨ ਵਿਸ਼ਿਆਂ ਰਾਹੀਂ ਕਵਿਤਾਵਾਂ ਨੂੰ ਚੁਣਿਆ, ਉੱਥੇ ਹੀ ਆਪਣੀਆਂ ਭਾਵਨਾਵਾਂ ਨੂੰ ਸੰਗੀਤ ਨਾਲ ਲੈਅਬੱਧ ਵੀ ਕੀਤਾ। ਇਸ ਮੁਕਾਬਲੇ ਵਿੱਚ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਹਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਪ੍ਰੇਰਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਮੌਕੇ ਸਿਰਜ ਕੇ ਉਨ੍ਹਾਂ ਦੇ ਹੁਨਰ ਨੂੰ ਤਰਾਸ਼ਣ ਲਈ ਭਰੋਸਾ ਦਵਾਇਆ।