ਲੁਧਿਆਣਾ : ਪੀ.ਏ.ਯੂ. ਦੇ ਮਾਨਵ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ ਨੇ ਬੀਤੇ ਦਿਨੀਂ ਲੁਧਿਆਣੇ ਜ਼ਿਲੇ ਦੇ ਪਿੰਡ ਜੰਡਿਆਲੀ ਵਿੱਚ ਰਾਵੇ ਪ੍ਰੋਗਰਾਮ ਅਧੀਨ ਇੱਕ ਸਮਾਗਮ ਕਰਾਇਆ ।
ਵਿਸ਼ਵ ਪਰਿਵਾਰ ਦਿਹਾੜੇ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ 42 ਲੜਕੀਆਂ ਅਤੇ ਔਰਤਾਂ ਸ਼ਾਮਿਲ ਸਨ । ਇਸ ਸਮਾਗਮ ਦਾ ਉਦੇਸ਼ ਪੇਂਡੂ ਔਰਤਾਂ ਨੂੰ ਪਰਿਵਾਰਕ ਸਾਂਝ ਦੇ ਮਹੱਤਵ ਤੋਂ ਜਾਣੂੰ ਕਰਵਾਉਣਾ ਸੀ । ਸਮਾਗਮ ਦੇ ਆਰੰਭ ਵਿੱਚ ਡਾ. ਆਸ਼ਾ ਚਾਵਲਾ ਅਤੇ ਡਾ. ਰਸ਼ਮੀ ਉਪਰੇਤੀ ਨੇ ਪਰਿਵਾਰਾਂ ਦੇ ਆਪਸੀ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਗੱਲਬਾਤ ਕੀਤੀ ।
ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸੱਭਿਆਚਾਰਕ ਸਕਿੱਟਾਂ ਰਾਹੀਂ ਬਜ਼ੁਰਗਾਂ ਦੀ ਸਾਂਭ-ਸੰਭਾਲ ਦੀ ਗੱਲ ਕੀਤੀ । ਵਿਦਿਆਰਥੀਆਂ ਨੇ ਖੁਦ ਲਿਖੀਆਂ ਕਵਿਤਾਵਾਂ, ਸਲੋਗਨਾਂ ਅਤੇ ਪੋਸਟਰਾਂ ਰਾਹੀਂ ਪਰਿਵਾਰ ਦੀ ਚੰਗੀ ਸਿਹਤ ਅਤੇ ਆਪਸੀ ਪਿਆਰ ਨੂੰ ਪੇਸ਼ ਕੀਤਾ ।