ਲੁਧਿਆਣਾ : ਹੁਨਰਮੰਦ, ਪੇਸ਼ੇਵਰ ਅਤੇ ਪ੍ਰਮਾਣਿਤ ਡਰਾਈਵਰ ਤਿਆਰ ਕਰਨ ਅਤੇ ਸੜ੍ਹਕ ਦੁਰਘਟਨਾਵਾਂ ਨੂੰ ਘੱਟ ਕਰਨ ਦੇ ਮੰਤਵ ਨਾਲ, ਪੰਜਾਬ ਸਰਕਾਰ ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਹਿਯੋਗ ਨਾਲ ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇਅ, ਦੋਰਾਹਾ ਵਿਖੇ 27 ਏਕੜ ਜ਼ਮੀਨ ‘ਤੇ ਉੱਤਰੀ ਭਾਰਤ ਦਾ ਪਹਿਲਾ ਅੰਤਰਰਾਸ਼ਟਰੀ ਡਰਾਈਵਿੰਗ ਸਿਖਲਾਈ ਸੰਸਥਾਨ ਸਥਾਪਿਤ ਕਰੇਗੀ।
ਸਿਖਲਾਈ ਸੰਸਥਾ ਲਈ ਪੰਜਾਬ ਸਰਕਾਰ ਵੱਲੋਂ ਜ਼ਮੀਨ ਮੁਫ਼ਤ ਦਿੱਤੀ ਗਈ ਹੈ ਅਤੇ 32.86 ਕਰੋੜ ਰੁਪਏ ਦੀ ਰਾਸ਼ੀ ਵਿੱਚ 15.23 ਕਰੋੜ ਰੁਪਏ ਪੂੰਜੀ ਨਿਵੇਸ਼ ਅਤੇ ਹੋਰ ਖਰਚੇ ਕੇਂਦਰ ਸਰਕਾਰ ਵੱਲੋਂ ਇੱਕ ਸਾਲ ਵਿੱਚ ਖਰਚ ਕੀਤੇ ਜਾਣਗੇ। ਇਹ ਸੰਸਥਾ ਇੱਕ ਸਾਲ ਵਿੱਚ 3600 ਨੌਜਵਾਨਾਂ ਨੂੰ ਐਲ.ਟੀ.ਵੀ. (ਲਾਈਟ ਟ੍ਰਾਂਸਪੋਰਟ ਵਹੀਕਲ) ਅਤੇ ਐਚ.ਟੀ.ਵੀ. (ਹੈਵੀ ਟ੍ਰਾਂਸਪੋਰਟ ਵਹੀਕਲ) ਵਾਹਨਾਂ, ਭਾਰੀ ਉਪਕਰਣਾਂ ਦੇ ਸੰਚਾਲਕਾਂ ਅਤੇ ਮਕੈਨਿਕਾਂ ਦੀ ਸਿਖਲਾਈ ਦੇਵੇਗੀ।
ਜਿਨ੍ਹਾਂ 10ਵੀਂ ਜਮਾਤ ਪਾਸ ਕੀਤੀ ਹੋਵੇ ਉਨ੍ਹਾਂ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਇਸ ਇੰਸਟੀਚਿਊਟ ਵਿੱਚ ਡਰਾਈਵਿੰਗ ਟੈਸਟ ਨੂੰ ਸਫਲਤਾਪੂਰਵਕ ਪੂਰਾ ਕਰਨ ਵਾਲਿਆਂ ਨੂੰ ਇੱਥੇ ਅੰਤਰਰਾਸ਼ਟਰੀ ਲਾਇਸੈਂਸ ਪ੍ਰਾਪਤ ਕਰਨ ਲਈ ਵੀ ਸਹਾਇਤਾ ਪ੍ਰਾਪਤ ਹੋਵੇਗੀ। ਇੰਸਟੀਚਿਊਟ ਵਿੱਚ ਸ਼ਾਨਦਾਰ ਕਲਾਸਰੂਮ, ਅਧਿਆਪਨ ਸਟਾਫ, ਟੈਸਟਿੰਗ ਉਪਕਰਣ, ਸਿਖਲਾਈ ਵਾਹਨ, ਇੱਕ ਵਰਕਸ਼ਾਪ, ਇੱਕ ਲੈਬ, ਇੱਕ ਲਾਇਬ੍ਰੇਰੀ, ਟਰੈਕ ਅਤੇ ਡਰਾਈਵਿੰਗ ਰੇਂਜ, ਇੱਕ ਕੰਟਰੋਲ ਰੂਮ ਅਤੇ ਸਿਮੂਲੇਟਰ ਹੋਣਗੇ।
ਅੰਤਰਰਾਸ਼ਟਰੀ ਡਰਾਈਵਿੰਗ ਸਿਖਲਾਈ ਪ੍ਰੋਗਰਾਮ ਦੇ ਤਹਿਤ, ਟੈਕਸੀ ਡਰਾਈਵਰ, ਕਮਰਸ਼ੀਅਲ ਵਾਹਨ ਡਰਾਈਵਰ, ਫੋਰਕਲਿਫਟ ਆਪਰੇਟਰ, ਐਂਬੂਲੈਂਸ ਡਰਾਈਵਰ, ਆਟੋ/ਈ-ਰਿਕਸ਼ਾ ਡਰਾਈਵਰ, ਡਰਾਈਵਰ ਸਿਖਲਾਈ, ਜੂਨੀਅਰ ਬੈਕਹੋ ਲੋਡਰ ਆਪਰੇਟਰ, ਜੂਨੀਅਰ ਐਕਸੈਵੇਟਰ ਆਪਰੇਟਰ, ਜੂਨੀਅਰ ਇੰਜਣ ਅਤੇ ਮਕੈਨਿਕ ਸਮੇਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਗ ਦੇ ਨਾਲ ਵੱਖ-ਵੱਖ ਨੌਕਰੀਆਂ ਦੀਆਂ ਭੂਮਿਕਾਵਾਂ ਦੀ ਪੇਸ਼ਕਸ਼ ਕੀਤੀ ਜਾਵੇਗੀ।
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਡਾਇਰੈਕਟਰ ਨੇ ਦੱਸਿਆ ਕਿ ਇਹ ਆਉਣ ਵਾਲੀ ਸਿਖਲਾਈ ਸੰਸਥਾ ਉੱਤਰੀ ਭਾਰਤ ਅਤੇ ਖਾਸ ਤੌਰ ‘ਤੇ ਪੰਜਾਬ ਲਈ ਬੇਹੱਦ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਹੁਨਰਮੰਦ, ਪ੍ਰਮਾਣਿਤ ਅਤੇ ਸਿੱਖਿਅਤ ਡਰਾਈਵਰਾਂ ਨਾਲ ਸੜਕ ਹਾਦਸਿਆਂ ਵਿੱਚ ਜਿੱਥੇ ਗਿਰਾਵਟ ਆਵੇਗੀ ਉੱਥੇ ਕੀਮਤੀ ਜਾਨਾਂ ਵੀ ਬਚਣਗੀਆਂ।