ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਵਿੱਚ ਵਿਸ਼ਵ ਸੱਭਿਆਚਾਰਕ ਵਿਭਿੰਨਤਾ ਦਿਹਾੜੇ ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ । ਇਸ ਭਾਸ਼ਣ ਦੇ ਵਕਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਮਾਹਿਰ ਅਤੇ ਜਾਣੇ-ਪਛਾਣੇ ਨਾਟ ਕਰਮੀ ਡਾ. ਨਿਰਮਲ ਜੌੜਾ ਸਨ । ਡਾ. ਜੌੜਾ ਨੇ ਕਿਹਾ ਕਿ ਸੰਸਾਰ ਭਿੰਨ-ਭਿੰਨ ਸੱਭਿਆਚਾਰਕ ਗਤੀਵਿਧੀਆਂ ਵਿੱਚੋਂ ਵਿਗਸਿਆ ਹੈ ।
ਉਹਨਾਂ ਕਿਹਾ ਕਿ ਇਹਨਾਂ ਸੱਭਿਆਚਾਰਾਂ ਦਾ ਅੰਤਰ ਸੰਵਾਦ ਮਨੁੱਖੀ ਹੋਂਦ ਨੂੰ ਵਿਕਾਸ ਵੱਲ ਲੈ ਜਾਂਦਾ ਹੈ । ਇਸ ਲਈ ਸ਼ਾਂਤੀ ਅਤੇ ਸਦਭਾਵਨਾ ਲਈ ਦੂਜੇ ਸੱਭਿਆਚਾਰਾਂ ਦੀ ਇੱਜ਼ਤ ਕਰਨੀ ਅਤੇ ਆਪਣੇ ਸੱਭਿਆਚਾਰ ਲਈ ਕਾਰਜ ਕਰਨਾ ਬੇਹੱਦ ਲਾਜ਼ਮੀ ਹੈ । ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਇਸ ਵਿਸ਼ੇਸ਼ ਸਮਾਗਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ ।
ਉਹਨਾਂ ਕਿਹਾ ਕਿ ਪਸਾਰ ਕਰਮੀਆਂ ਨੂੰ ਸੱਭਿਆਚਾਰਕ ਭਿੰਨਤਾ ਦੀ ਜਾਣਕਾਰੀ ਹੋਣਾ ਬੇਹੱਦ ਲਾਜ਼ਮੀ ਹੈ । ਇਸ ਮੌਕੇ ਪਸਾਰ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਾਜਾਂ ਦੇ ਲੋਕ-ਨਾਚ ਪੇਸ਼ ਕੀਤੇ । ਇਹ ਸਾਰੀਆਂ ਪੇਸ਼ਕਾਰੀਆਂ ਜਿਵੇਂ ਲੋਕ ਗੀਤ, ਰੰਗੋਲੀ, ਭਾਸ਼ਣ, ਕਵਿਤਾ, ਭੰਗੜਾ ਅਤੇ ਹਾਸ-ਰਸ ਵਿਦਿਆਰਥੀਆਂ ਵੱਲੋਂ ਭਿੰਨਤਾਵਾਂ ਦੇ ਪ੍ਰਦਰਸ਼ਨ ਲਈ ਕੀਤੀਆਂ ਗਈਆਂ ।