ਪੀ.ਏ.ਯੂ. ਦੇ ਮਾਹਿਰਾਂ ਨੇ ਅੱਜ ਇਕ ਉੱਚ ਪੱਧਰੀ ਵਾਰਤਾ ਵਿਚ ਘਰਾਂ ਦੇ ਅੰਦਰ ਰੱਖੇ ਜਾਣ ਵਾਲੇ ਪੌਦਿਆਂ ਦੇ ਜ਼ਰੀਏ ਹਵਾ ਦੀ ਸ਼ੁੱਧਤਾ ਅਤੇ ਹੋਰ ਗੁਣਾਂ ਬਾਰੇ ਜਾਣਕਾਰੀ ਦਿੱਤੀ| ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਨਡੋਰ ਹਵਾ ਦੇ ਪੱਧਰ ਬਾਰੇ ਗੱਲ ਕਰਦਿਆਂ ਕਿਹਾ ਕਿ ਲੋਕ ਆਪਣਾ ਵਧੇਰੇ ਸਮਾਂ ਘਰਾਂ ਅਤੇ ਦਫ਼ਤਰਾਂ ਦੀਆਂ ਛੱਤਾਂ ਹੇਠ ਗੁਜ਼ਾਰਦੇ ਹਨ ਇਸਲਈ ਚੰਗੀ ਸਿਹਤ ਬਰਕਰਾਰ ਰੱਖਣ ਲਈ ਅੰਦਰੂਨੀ ਹਵਾ ਦੀ ਸ਼ੁੱਧਤਾ ਬੇਹੱਦ ਜ਼ਰੂਰੀ ਹੈ|
ਉਹਨਾਂ ਨੇ ਕਿਹਾ ਕਿ ਖੋਜ ਨੇ ਸਾਬਤ ਕੀਤਾ ਹੈ ਕਿ ਘਰਾਂ ਅੰਦਰਲੀ ਹਵਾ ਬਾਹਰ ਦੀ ਹਵਾ ਨਾਲੋਂ 12 ਗੁਣਾ ਵਧੇਰੇ ਪ੍ਰਦੂਸ਼ਿਤ ਹੁੰਦੀ ਹੈ| ਇਸਦਾ ਕਾਰਨ ਇਮਾਰਤਾਂ ਦੀ ਸਮੱਗਰੀ ਅਤੇ ਹੋਰ ਚੀਜ਼ਾਂ ਦੀ ਵਰਤੋਂ ਅਤੇ ਉਹਨਾਂ ਦੇ ਕੰਮ ਕਰਨ ਦੇ ਢੰਗਾਂ ਵਿਚ ਪਿਆ ਹੁੰਦਾ ਹੈ| ਇਸ ਨਾਲ ਮਨੁੱਖ ਨੂੰ ਸਾਹ ਸੰਬੰਧੀ ਸਮੱਸਿਆਵਾਂ, ਚਮੜੀ ਦੇ ਰੋਗ ਅਤੇ ਮਾਨਸਿਕ ਸਿਹਤ ਵਿਚ ਵਿਗਾੜ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ|
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਏਅਰ ਕੰਡੀਸ਼ਨਰਾਂ ਵੱਲੋਂ ਪੈਦਾ ਕੀਤੀ ਹਵਾ ਦਾ ਮਿਆਰ ਇਨਡੋਰ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ| ਉਹਨਾਂ ਨੇ ਕਿਹਾ ਕਿ ਏਅਰ ਕੰਡੀਸ਼ਨਿੰਗ ਅਰਾਮ ਤਾਂ ਦਿੰਦੀ ਹੈ ਪਰ ਇਸ ਨਾਲ ਕਈ ਤਰ੍ਹਾਂ ਦੇ ਪ੍ਰਦੂਸ਼ਣ ਮਕਾਨਾਂ ਅਤੇ ਇਮਾਰਤਾਂ ਅੰਦਰ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਦਾ ਮਨੁੱਖ ਸਿਹਤ ਉੱਪਰ ਮਾੜਾ ਪ੍ਰਭਾਵ ਦਰਜ ਕੀਤਾ ਜਾਂਦਾ ਹੈ| ਇਸ ਤੋਂ ਇਲਾਵਾ ਇਮਾਰਤੀ ਸਮੱਗਰੀ ਅਤੇ ਹੋਰ ਵਸਤੂਆਂ ਵੀ ਮਾੜੇ ਪੱਧਰ ਦੀ ਅੰਦਰੂਨੀ ਹਵਾ ਦਾ ਕਾਰਨ ਹਨ|

2018 ਵਿਚ ਹੋਈ ਇਕ ਖੋਜ ਦਾ ਜ਼ਿਕਰ ਕਰਦਿਆਂ ਡਾ. ਬੱਲ ਨੇ ਕਿਹਾ ਕਿ ਉਸ ਖੋਜ ਵਿਚ ਸਿੱਧ ਕੀਤਾ ਗਿਆ ਕਿ ਮਨੀ ਪਲਾਂਟ, ਸਿਨਗੋਨੀਅਮ, ਅਰੇਕਾ ਪਾਮ ਅਤੇ ਰਬੜ ਪਲਾਂਟ ਚਾਰ ਪੌਦਿਆਂ ਦੀ ਵਰਤੋਂ ਘਰੇਲੂ ਬਨਸਪਤੀ ਦੇ ਤੌਰ ਤੇ ਕੀਤੀ ਜਾਂਦੀ ਹੈ| ਵਿਉਂਤਬੰਦੀ ਕਰਕੇ ਇਹਨਾਂ ਪੌਦਿਆਂ ਨੂੰ ਵੱਖ-ਵੱਖ ਕਮਰਿਆਂ ਜਿਵੇਂ ਬੈਠਕ, ਸੌਣ ਕਮਰੇ, ਰਸੋਈ ਅਤੇ ਮਹਿਮਾਨ ਘਰ ਵਿਚ ਰੱਖਿਆ ਜਾ ਸਕਦਾ ਹੈ| ਇਸ ਲਈ ਸਾਨੂੰ ਆਪਣੇ ਘਰਾਂ ਦੀ ਹਵਾ ਸ਼ੁੱਧ ਕਰਨ, ਕੁਦਰਤ ਨਾਲ ਜੁੜਨ ਅਤੇ ਸਜਾਵਟ ਲਈ ਇਨਡੋਰ ਪੌਦਿਆਂ ਨੂੰ ਆਪਣੇ ਘਰਾਂ ਦਾ ਹਿੱਸਾ ਬਨਾਉਣਾ ਚਾਹੀਦਾ ਹੈ|