ਲੁਧਿਆਣਾ : ਪੰਜਾਬ ਗੀਤਕਾਰ ਮੰਚ ਵੱਲੋਂ ਵਿਸ਼ਵ ਪ੍ਰਸਿੱਧ ਗੀਤਕਾਰ ਅਤੇ ਫਿਲਮ ਨਿਰਮਾਤਾ ਇੰਦਰਜੀਤ ਹਸਨਪੁਰੀ ਦੇ ਜਨਮ ਦਿਨ ਮੌਕੇ ਕਰਵਾਏ ਕਵੀ ਦਰਬਾਰ ਤੇ ਵਿਚਾਰ ਚਰਚਾ ਮੌਕੇ ਸੰਬੋਧਨ ਕਰਦਿਆਂ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪੰਜਾਬੀ ਕਵੀ ਡਾਃ ਸਰਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਇੰਦਰਜੀਤ ਹਸਨਪੁਰੀ ਸਿਰਫ਼ ਗੀਤਕਾਰ, ਫਿਲਮਕਾਰ ਹੀ ਨਹੀਂ ਸੀ ਸਗੋਂ ਧਰਤੀ ਦੇ ਕਣ ਕਣ ਵਿੱਚ ਪਈ ਲੋਕ ਪੀੜ ਨੂੰ ਜਾਨਣ ਤੇ ਬਿਆਨਣ ਵਾਲਾ ਲੋਕ ਕਵੀ ਸੀ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਕਿਹਾ ਕਿ ਆਜ਼ਾਦੀ ਦੇ 75ਵੇਂ ਸਾਲ ਵਿੱਚ ਇੰਦਰਜੀਤ ਹਸਨਪੁਰੀ ਦੀ ਇੱਕੋ ਲੰਮੀ ਕਵਿਤਾ ਦੀ ਪੁਸਤਕ ਕਿੱਥੇ ਗਏ ਉਹ ਦਿਨ ਓ ਅਸਲਮ ਤੇ ਕਿਰਤੀ ਕਿਰਤ ਕਰੇਂਦਿਆ ਨੂੰ ਮੁੜ ਪੜ੍ਹਨ ਤੇ ਵਿਚਾਰਨ ਦੀ ਲੋੜ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਐਲਾਨੇ ਸ਼੍ਰੋਮਣੀ ਪੰਜਾਬੀ ਲੋਕ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆ ਨੇ ਬੋਲਦਿਆਂ ਕਿਹਾ ਕਿ ਹਰਦੇਵ ਦਿਲਗੀਰ ਥਰੀਕੇ ਵਾਲਿਆਂ ਸਮੇਤ ਸਾਡੇ ਗੀਤਕਾਰੀ ਵਿੱਚ ਪ੍ਰੇਰਨਾ ਸਰੋਤ ਇੰਦਰਜੀਤ ਹਸਨਪੁਰੀ ਸਨ।
ਇਸ ਸਮਾਰੋਹ ਵਿੱਚ ਸਿਰਕੱਢ ਲੋਕ ਗਾਇਕਾਂ, ਗੀਤਕਾਰਾਂ ਅਤੇ ਸਾਹਿਤਕਾਰਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਰਾਹੀਂ ਆਪਣੇ ਮਹਿਬੂਬ ਲੇਖਕ ਨੂੰ ਯਾਦ ਕਰਕੇ ਉਹਨਾਂ ਨੂੰ ਯਾਦ ਕੀਤਾ। ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ ਸਾਹਿਤਕਾਰ ਪ੍ਰੋ,ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਵ ਇੰਦਰਜੀਤ ਹਸਨਪੁਰੀ ਸਾਡੇ ਪੰਜਾਬੀ ਦੇ ਸਿਰਮੌਰ ਗੀਤਕਾਰ, ਫਿਲਮ ਨਿਰਮਾਤਾ,ਮਿਹਨਤਕਸ਼ ਅਤੇ ਜ਼ਿੰਦਗੀ ਪ੍ਰਤੀ ਇਮਾਨਦਾਰ ਸਨ।