ਤੁਹਾਨੂੰ ਦੱਸ ਦਿੰਦੇ ਹਾਂ ਕਿ ਗ੍ਰੀਨਲੈਂਡ ਵਿਚ ਭਾਰੀ ਮਾਤਰਾ ਵਿਚ ਬਰਫ ਪਿਘਲਣ ਕਾਰਨ ਪੂਰੀ ਦੁਨੀਆ ਵਿਚ ਭਿਆਨਕ ਹੜ੍ਹ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।ਇਕ ਅਧਿਐਨ ਮੁਤਾਬਕ ਪਿਛਲੇ ਇਕ ਦਹਾਕੇ ਵਿਚ ਗ੍ਰੀਨਲੈਂਡ ਦੀ ਬਰਫ ਦੀ ਚਾਦਰ ਤੋਂ 3.5 ਖਰਬ (ਟ੍ਰਿਲੀਅਨ) ਟਨ ਬਰਫ ਪਿਘਲੀ ਹੈ ਜਿਸ ਨੇ ਪੂਰੀ ਦੁਨੀਆ ਵਿਚ ਸਮੁੰਦਰ ਦਾ ਪੱਧਰ ਇਕ ਸੈਂਟੀਮੀਟਰ ਤੱਕ ਵਧਾ ਦਿੱਤਾ ਹੈ। ਲੀਡਸ ਵਿਗਿਆਨੀਆਂ ਨੇ ਗ੍ਰੀਨਲੈਂਡ ਵਿਚ ਵੱਡੀ ਮਾਤਰਾ ਵਿਚ ਬਰਫ ਪਿਘਲਣ ਦੇ ਬਾਅਦ ਚਿਤਾਵਨੀ ਜਾਰੀ ਕੀਤੀ ਹੈ ਅਤੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਤੁਰੰਤ ਸੁਰੱਖਿਆ ਦੇ ਉਪਾਅ ਅਪਨਾਉਣ ਲਈ ਕਿਹਾ ਹੈ।
ਗ੍ਰੀਨਲੈਂਡ ਦੀ ਬਰਫ ਦੀਆਂ ਚਾਦਰਾਂ ਦਾ ਪਿਘਲਣਾ ਦੁਨੀਆ ਭਰ ਵਿਚ ਹੜ੍ਹ ਦੇ ਜ਼ੋਖਮ ਨੂੰ ਵਧਾ ਰਿਹਾ ਹੈ।ਲੀਡਸ ਯੂਨੀਵਰਸਿਟੀ ਦੀ ਰਿਪੋਰਟ ਮੁਤਾਬਕ ਪਿਛਲੇ 10 ਸਾਲਾਂ ਵਿਚ ਗ੍ਰੀਨਲੈਂਡ ਤੋਂ ਕਰੀਬ 3.5 ਟ੍ਰਿਲੀਅਨ ਟਨ ਤੋਂ ਜ਼ਿਆਦਾ ਬਰਫ ਪਿਘਲ ਚੁੱਕੀ ਹੈ ਜਿਸ ਕਾਰਨ ਦੁਨੀਆ ਭਰ ਵਿਚ ਵੱਡੇ ਪੱਧਰ ‘ਤੇ ਹੜ੍ਹ ਆਉਣ ਦਾ ਖਦਸ਼ਾ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਪੂਰੀ ਦੁਨੀਆ ਵਿਚ ਬਰਫ ਦੀਆਂ ਚਾਦਰਾਂ ਨੂੰ ਲੈਕੇ ਸੈਟੇਲਾਈਟ ਡਾਟਾ ਦੇ ਆਧਾਰ ‘ਤੇ ਇਹ ਰਿਸਰਚ ਕੀਤੀ ਗਈ, ਜਿਸ ਵਿਚ ਪਾਇਆ ਗਿਆ ਕਿ ਗ੍ਰੀਨਲੈਂਡ ਵਿਚ ਜ਼ਿਆਦਾ ਮਾਤਰਾ ਵਿਚ ਬਰਫ ਪਿਘਲਣ ਕਾਰਨ ਸਮੁੰਦਰ ਤਲ ਵਿਚ ਇਕ ਸੈਂਟੀਮੀਟਰ ਦਾ ਵਾਧਾ ਹੋਇਆ ਹੈ ਜੋ ਪੂਰੀ ਦੁਨੀਆ ਲਈ ਖਤਰਨਾਕ ਹੈ।
ਉੱਥੇ ਹੀ ਵਿਗਿਆਨੀਆਂ ਨੇ ਅਨੁਮਾਨ ਲਗਾਇਆ ਹੈ ਕਿ ਗ੍ਰੀਨਲੈਂਡ ਦੀ ਬਰਫ ਦੀਆਂ ਚਾਦਰਾਂ ਪਿਘਲਣ ਨਾਲ ਪਿਛਲੇ ਕੁਝ ਦਹਾਕਿਆਂ ਵਿਚ ਗਲੋਬਲ ਸਮੁੰਦਰ ਪੱਧਰ ਵਿਚ ਲੱਗਭਗ 25 ਫੀਸਦੀ ਦਾ ਵਾਧਾ ਹੋਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਗ੍ਰੀਨਲੈਂਡ ਦੀ ਸਾਰੀ ਬਰਫ ਪਿਘਲ ਜਾਵੇ ਤਾਂ ਗਲੋਬਲ ਸਮੁੰਦਰ ਦਾ ਪੱਧਰ 20 ਫੁੱਟ ਹੋਰ ਵੱਧ ਜਾਵੇਗਾ ਅਤੇ ਦੁਨੀਆ ਖ਼ਤਮ ਹੋ ਜਾਵੇਗੀ। ਭਾਵੇਂਕਿ ਵਿਗਿਆਨੀਆਂ ਨੇ ਕਿਹਾ ਹੈ ਕਿ ਗ੍ਰੀਨਲੈਂਡ ਦੀ ਸਾਰੀ ਬਰਫ ਇੰਨੀ ਜਲਦੀ ਨਹੀਂ ਪਿਘਲੇਗੀ ਪਰ ਜਿੰਨੀ ਬਰਫ ਪਿਘਲ ਚੁੱਕੀ ਹੈ ਉਹ ਲੱਖਾਂ ਲੋਕਾਂ ਦੀ ਜ਼ਿੰਦਗੀ ਲਈ ਖਤਰਾ ਹੈ। ਇਸ ਰਿਸਰਚ ਦੇ ਕੋ-ਰਾਈਟਰ ਐਮਬਰ ਲੀਸਨ, ਜੋ ਬ੍ਰਿਟੇਨ ਦੀ ਲੈਂਕੇਸਟਰ ਯੂਨੀਵਰਸਿਟੀ ਵਿਚ ਇਨਵਾਇਰੋਮੈਂਟ ਡਾਟਾ ਸਾਈਂਸ ਦੇ ਪ੍ਰੋਫੈਸਰ ਹਨ ਉਹਨਾਂ ਨੇ ਕਿਹਾ ਕਿ ਮਾਡਲ ਅਨੁਮਾਨ ਦੱਸਦੇ ਹਨ ਕਿ ਸਾਲ 2100 ਤੱਕ ਗ੍ਰੀਨਲੈਂਡ ਵਿਚ ਬਰਫ ਦੀ ਚਾਦਰ 3 ਸੈਂਟੀਮੀਟਰ ਤੋਂ 23 ਸੈਂਟੀਮੀਟਰ ਦੇ ਵਿਚਕਾਰ ਪਿਘਲ ਜਾਵੇਗੀ।