ਮੌਨਸੂਨ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਂਦਾ ਹੈ। ਮੌਨਸੂਨ ‘ਚ ਦਸਤ, ਪੇਟ ਖਰਾਬ, ਫਲੂ, ਖੰਘ, ਬੁਖਾਰ ਅਤੇ ਫੰਗਲ ਇੰਫੈਕਸ਼ਨ ਦਾ ਖਤਰਾ ਬਹੁਤ ਵੱਧ ਜਾਂਦਾ ਹੈ। ਇਸ ਮੌਸਮ ‘ਚ ਬਾਹਰ ਦੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਘਰ ‘ਚ ਪਕਾਇਆ ਹੋਇਆ ਤਾਜ਼ਾ ਭੋਜਨ ਹੀ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੌਨਸੂਨ ‘ਚ ਹੈਲਥੀ ਰਹਿਣ ਲਈ ਤੁਸੀਂ ਆਪਣੀ ਡਾਈਟ ‘ਚ ਮੱਕੀ, ਆਂਡਾ, ਮੌਸਮੀ ਫਲ ਅਤੇ ਅਦਰਕ ਨੂੰ ਸ਼ਾਮਲ ਕਰ ਸਕਦੇ ਹੋ।
ਮੱਕੀ ਦੇ ਦਾਣੇ : ਮੌਨਸੂਨ ਦੇ ਮੌਸਮ ‘ਚ ਛੱਲੀ ਜਾਂ ਮੱਕੀ ਬਾਜ਼ਾਰ ‘ਚ ਬਹੁਤ ਮਿਲਦੇ ਹਨ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਮੱਕੀ ‘ਚ ਫਾਈਬਰ ਪਾਇਆ ਜਾਂਦਾ ਹੈ ਜਿਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਇਸ ‘ਚ ਫੈਟ ਨਹੀਂ ਹੁੰਦਾ ਜਿਸ ਕਾਰਨ ਇਸ ਨੂੰ ਖਾਣ ਨਾਲ ਤੁਹਾਨੂੰ ਫੈਟ ਦੀ ਟੈਂਸ਼ਨ ਨਹੀਂ ਹੋਵੇਗੀ। ਇਸ ‘ਚ ਵਿਟਾਮਿਨ ਬੀ1, ਬੀ9 ਅਤੇ ਵਿਟਾਮਿਨ ਸੀ ਪਾਇਆ ਜਾਂਦਾ ਹੈ। ਜੇਕਰ ਤੁਸੀਂ ਡੇਲੀ ਡਾਇਟ ‘ਚ ਮੱਕੀ ਦੇ ਦਾਣੇ ਸ਼ਾਮਲ ਕਰਦੇ ਹੋ ਤਾਂ ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ।
ਆਂਡਾ : ਆਂਡੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਜੇਕਰ ਇਸ ਦਾ ਨਿਯਮਤ ਸੇਵਨ ਕੀਤਾ ਜਾਵੇ ਤਾਂ ਇਹ ਸਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ ਨਾਲ ਹੀ ਇਹ ਸਾਡੀਆਂ ਬਿਮਾਰੀਆਂ ਨਾਲ ਲੜਨ ‘ਚ ਵੀ ਮਦਦ ਕਰਦਾ ਹੈ। ਆਂਡੇ ‘ਚ ਵਿਟਾਮਿਨ ਏ, ਡੀ ਅਤੇ ਬੀ1 ਪਾਇਆ ਜਾਂਦਾ ਹੈ। ਆਂਡਾ ਸਾਡੀਆਂ ਹੱਡੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ।
ਮੌਸਮੀ ਫਲ : ਬਰਸਾਤ ਦੇ ਮੌਸਮ ‘ਚ ਜਾਮਣ, ਆਲੂ ਬੁਖਾਰਾ, ਚੈਰੀ, ਨਾਸ਼ਪਾਤੀ ਅਤੇ ਸੇਬ ਬਾਜ਼ਾਰ ‘ਚ ਉਪਲਬਧ ਹਨ। ਇਹ ਸਾਰੇ ਫਲ ਸਾਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੇ ਹਨ, ਨਾਲ ਹੀ ਸਾਡੀ ਸਿਹਤ ਨੂੰ ਵੀ ਤੰਦਰੁਸਤ ਰੱਖਦੇ ਹਨ। ਇਸ ਮੌਸਮ ‘ਚ ਤਲੇ ਹੋਏ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਫਲ ਆਸਾਨੀ ਨਾਲ ਪਚ ਜਾਂਦੇ ਹਨ ਨਾਲ ਹੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਸੇਬ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਸਾਡੇ ਪੇਟ ਲਈ ਬਹੁਤ ਵਧੀਆ ਹੁੰਦਾ ਹੈ।
ਸੱਤੂ : ਪੇਟ ਫੁੱਲਣਾ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ‘ਚ ਸੱਤੂ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੌਨਸੂਨ ‘ਚ ਪੇਟ ਦੀ ਬੀਮਾਰੀ ਨਾਲ ਬਹੁਤ ਪਰੇਸ਼ਾਨੀ ਹੁੰਦੀ ਹੈ। ਅਜਿਹੇ ‘ਚ ਸੱਤੂ ਦਾ ਨਿਯਮਤ ਸੇਵਨ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਸੱਤੂ ‘ਚ ਆਇਰਨ, ਪ੍ਰੋਟੀਨ, ਕੈਲਸ਼ੀਅਮ ਅਤੇ ਕਾਰਬੋਹਾਈਡਰੇਟ ਮੌਜੂਦ ਹੁੰਦੇ ਹਨ ਜੋ ਸਿਹਤ ਲਈ ਬਹੁਤ ਜ਼ਰੂਰੀ ਹਨ।
ਅਦਰਕ: ਅਦਰਕ ਸਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ ਜੋ ਮੌਨਸੂਨ ‘ਚ ਸਾਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਂਦਾ ਹੈ। ਅਦਰਕ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਜ਼ੁਕਾਮ, ਗਲੇ ਦੀ ਖਰਾਸ਼ ਅਤੇ ਖ਼ੰਘ ‘ਚ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਚਾਹ, ਕਾੜ੍ਹਾ ਅਤੇ ਸਬਜ਼ੀਆਂ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ।