ਲੁਧਿਆਣਾ : ਸਾਈਕਲ ਚਾਲਕਾਂ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਵੱਲੋਂ ਭਾਵੇਂ 1 ਜੁਲਾਈ ਤੋਂ ਕੌਮਾਂਤਰੀ ਗੁਣਵੱਤਾ ਵਾਲੇ 10 ਰਿਫਲੈਕਟਰ ਲਗਾਉਣ ਦਾ ਐਲਾਨ ਕੀਤਾ ਗਿਆ ਹੈ, ਪਰ ਕੇਂਦਰ ਸਰਕਾਰ ਰਿਫਲੈਕਟਰ ਲਗਾਉਣ ਦੇ ਮਾਮਲੇ ਵਿਚ ਖ਼ੁਦ ਹੀ ਸੰਜੀਦਾ ਯਤਨ ਨਹੀਂ ਕਰ ਰਹੀ। ਜਿਸ ਦੇ ਚੱਲਦਿਆਂ ਸੀਓਸੀ ਸਰਟੀਫਿਕੇਟ ਲੈਣ ਵਾਲਿਆਂ ਨੂੰ ਕਾਫ਼ੀ ਮੁਸ਼ਕਿਲ ਆ ਰਹੀ ਹੈ, ਕਿਉਂਕਿ ਆਨਲਾਈਨ ਫ਼ੀਸ ਜਮ੍ਹਾਂ ਕਰਵਾਉਣ ਸਮੇਂ ਪੁਰਾਣੀਆਂ ਫੀਸਾਂ ਹੀ ਅੱਗੇ ਆ ਰਹੀਆਂ ਹਨ।
ਕੇਂਦਰ ਵੱਲੋਂ ਸੀਓਸੀ ਲੈਣ ਲਈ ਪਹਿਲਾਂ ਸੂਖ਼ਮ, ਲਘੂ ਤੇ ਮੱਧਮ ਅਤੇ ਵੱਡੇ ਉਦਯੋਗਾਂ ਲਈ 56800 ਰੁਪਏ ਫੀਸ ਤੈਅ ਕੀਤੀ ਗਈ ਸੀ। ਪਰ ਕੇਂਦਰ ਵੱਲੋਂ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਅਨੁਸਾਰ 5 ਕਰੋੜ ਰੁਪਏ ਦਾ ਸਾਲਾਨਾ ਲੈਣ ਦੇਣ ਕਰਨ ਵਾਲੇ ਸਨਅਤਕਾਰਾਂ ਨੂੰ 10 ਹਜ਼ਾਰ ਰੁਪਏ ਸੀਓਸੀ ਫੀਸ, 5 ਕਰੋੜ ਰੁਪਏ ਤੋਂ 50 ਕਰੋੜ ਰੁਪਏ ਦਾ ਸਾਲਾਨਾ ਲੈਣ ਦੇਣ ਕਰਨ ਵਾਲੇ ਸਨਅਤਕਾਰਾਂ ਨੂੰ 40 ਹਜ਼ਾਰ ਰੁਪਏ ਸੀਓਸੀ ਫੀਸ ਅਤੇ 50 ਤੋਂ 250 ਕਰੋੜ ਰੁਪਏ ਤੋਂ ਵੱਧ ਸਾਲਾਨਾ ਲੈਣ ਦੇਣ ਕਰਨ ਵਾਲੇ ਸਨਅਤਕਾਰਾਂ ਨੂੰ 56800 ਰੁਪਏ ਸੀਓਸੀ ਫੀਸ ਅਦਾ ਕਰਨੀ ਪਵੇਗੀ।
ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀਐੱਸ ਚਾਵਲਾ ਨੇ ਕਿਹਾ ਕਿ ਐਸੋਸੀਏਸ਼ਨ ਵਿਖੇ ਲਗਾਏ ਗਏ ਕੈਂਪ ਦੌਰਾਨ ਹੁਣ ਤੱਕ 100 ਦੇ ਕਰੀਬ ਸਨਅਤਕਾਰਾਂ ਦੇ ਸੀਓਸੀ ਸਰਟੀਫਿਕੇਟ ਲੈਣ ਲਈ ਰਜਿਸਟੇ੍ਰਸ਼ਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਵੱਲੋਂ ਆਨਲਾਈਨ ਸਿਸਟਮ ਦੇਖਣ ਵਾਲੀ ਕੰਪਨੀ ਨੂੰ ਨਵੀਆਂ ਫੀਸਾਂ ਅਪਲੋਡ ਕਰਨ ਲਈ ਆਖ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਨਵੀਆਂ ਫੀਸਾਂ ਤਹਿਤ ਆਨਲਾਈਨ ਭੁਗਤਾਨ ਹੋ ਜਾਵੇਗਾ।