ਲੁਧਿਆਣਾ : ਪੀ.ਏ.ਯੂ. ਵਿੱਚ ਜਾਰੀ ਵਿਗਿਆਨ ਸਪਤਾਹ ਵਿੱਚ ਅੱਜ ਵੱਖ-ਵੱਖ ਵਿਗਿਆਨੀ ਵਿਦਿਆਰਥੀਆਂ ਦੇ ਰੂਬਰੂ ਹੋਏ । ਬਹੁਤ ਸਾਰੇ ਵਿਸ਼ਿਆਂ ਤੇ ਮਾਹਿਰਾਂ ਨੇ ਆਪਣੇ ਵਿਚਾਰ ਰੱਖਦਿਆਂ ਵਿਗਿਆਨ ਦੀਆਂ ਲੁਕੀਆਂ ਪਰਤਾਂ ਨੂੰ ਉਘਾੜਿਆ । ਭਾਰਤ ਸਰਕਾਰ ਦੇ ਤਕਨੀਕੀ ਅਧਿਆਪਕ ਸਿਖਲਾਈ ਅਤੇ ਖੋਜ ਸੰਬੰਧੀ ਰਾਸ਼ਟਰੀ ਸੰਸਥਾਨ ਤੋਂ ਸ਼੍ਰੀ ਸ਼ਿਆਮ ਸੁੰਦਰ ਪਟਨਾਇਕ ਨੇ ਵਿਦਿਆਰਥੀਆਂ ਨੂੰ ਸੂਚਨਾ ਤਕਨੀਕ ਯੁੱਗ ਵਿੱਚ ਸਾਰਥਕ ਵਿਗਿਆਨਕ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਸਮਝਾਇਆ ।
ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਪ੍ਰੋ-ਵਾਈਸ ਚਾਂਸਲਰ ਡਾ. ਜੇ ਐੱਸ ਧੀਮਾਨ ਨੇ ਕਲਾ ਅਤੇ ਵਿਗਿਆਨ ਵਿਸ਼ੇ ਤੇ ਆਪਣੇ ਵਿਚਾਰ ਰੱਖੇ । ਡਾ. ਧੀਮਾਨ ਨੇ ਕਿਹਾ ਕਿ ਸੰਸਾਰ ਦੀ ਹਰ ਵਿਗਿਆਨ ਇੱਕ ਕਲਾ ਵਾਂਗ ਜਿਉਂਦੀ ਹੈ ਅਤੇ ਹਰ ਕਲਾ ਦਾ ਵਿਗਿਆਨਕ ਖਾਸਾ ਹੁੰਦਾ ਹੈ । ਉਹਨਾਂ ਨੇ ਜੀਵ ਵਿਗਿਆਨ, ਭੌਤਿਕ ਵਿਗਿਆਨ, ਮਾਨਵ ਵਿਗਿਆਨ ਅਤੇ ਰਸਾਇਣ ਵਿਗਿਆਨ ਦੇ ਕਲਾਤਮਕ ਪਸਾਰਾਂ ਬਾਰੇ ਬਹੁਤ ਵਿਸਥਾਰ ਨਾਲ ਗੱਲ ਕੀਤੀ ।
ਰੱਖਿਆ ਖੋਜ ਅਤੇ ਵਿਕਾਸ ਸੰਸਥਾਨ ਤੋਂ ਮਾਹਿਰ ਸ਼੍ਰੀ ਸੁਭਾਸ਼ ਚੰਦਰ ਜੀ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰੀਕਿਆਂ ਦੇ ਵਿਗਿਆਨਕ ਵਿਕਾਸ ਅਤੇ ਭਾਰਤੀ ਰੱਖਿਆ ਪ੍ਰਣਾਲੀ ਵਿੱਚ ਵਿਗਿਆਨ ਦੇ ਮਹੱਤਵ ਬਾਰੇ ਗੱਲ ਕੀਤੀ । ਉਹਨਾਂ ਦੱਸਿਆ ਕਿ ਡੀ ਆਰ ਡੀ ਓ ਵਿੱਚ ਹਰ ਤਰ੍ਹਾਂ ਦੇ ਨਵੇਂ ਵਿਗਿਆਨਕ ਵਿਚਾਰਾਂ ਦਾ ਸਵਾਗਤ ਕੀਤਾ ਜਾਂਦਾ ਹੈ ।
ਇਸ ਤੋਂ ਇਲਾਵਾ ਵਿਦਿਆਰਥੀਆਂ ਦਾ ਲੇਖ ਲਿਖਣ ਮੁਕਾਬਲਾ ਕਰਵਾਇਆ ਗਿਆ ਜਿਸਦੀ ਜਜਮੈਂਟ ਡਾ. ਨਿਰਮਲ ਜੌੜਾ ਅਤੇ ਡਾ. ਸੰਜੀਵ ਚੌਹਾਨ ਨੇ ਕੀਤੀ । ਸ਼ਾਮ ਨੂੰ ਵਿਦਿਆਰਥੀਆਂ ਨੂੰ ਬਾਇਓਤਕਨਾਲੋਜੀ ਸੈਂਟਰ ਅਤੇ ਭੋਜਨ ਵਿਗਿਆਨ ਇੰਨਕੂਬੇਸ਼ਨ ਸੈਂਟਰ ਦਾ ਦੌਰਾ ਕਰਵਾਇਆ ਗਿਆ । ਕੱਲ ਇਹਨਾਂ ਸਮਾਗਮਾਂ ਵਿੱਚ ਵਿਗਿਆਨਕ ਕਿਤਾਬਾਂ ਦੀ ਪ੍ਰਦਰਸ਼ਨੀ ਅਤੇ ਸਲੋਗਨ ਲੇਖਣ ਮੁਕਾਬਲੇ ਕਰਵਾਏ ਜਾ ਰਹੇ ਹਨ ।