ਲੁਧਿਆਣਾ : ਲੁਧਿਆਣਾ ਜ਼ਿਲ੍ਹੇ ‘ਤੇ ਪਿਛਲੇ ਪੰਜ ਮਹੀਨਿਆਂ ‘ਚ ਪੁਲਿਸ ਨੇ 12 ਕਿਲੋ ਹੈਰੋਇਨ, 28 ਕਿਲੋ ਅਫੀਮ, 403 ਕਿਲੋ ਹੈਸ਼ੀਸ਼ ਅਤੇ ਹੋਰ ਕਈ ਨਸ਼ੇ ਬਰਾਮਦ ਕੀਤੇ ਹਨ।ਜਾਣਕਾਰੀ ਅਨੁਸਾਰ ਪੁਲਿਸ ਨੇ 294 ਪਰਚੇ ਦਰਜ ਕਰਕੇ 387 ਤਸਕਰਾਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ। ਇਨ੍ਹਾਂ ਪੰਜ ਮਹੀਨਿਆਂ ਵਿੱਚ 13 ਦੇ ਕਰੀਬ ਮਹਿਲਾ ਤਸਕਰ ਅਤੇ 5 ਦੇ ਕਰੀਬ ਨਾਬਾਲਗ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਨ।
ਐਂਟੀ ਨਾਰਕੋਟਿਕਸ ਸਟਾਫ਼ 1 ਦੀ ਟੀਮ ਨੇ ਹਰਪ੍ਰੀਤ ਸਿੰਘ ਉਰਫ਼ ਹਰਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 125 ਗ੍ਰਾਮ ਹੈਰੋਇਨ, 2 ਹਜ਼ਾਰ ਡਰੱਗ ਮਨੀ ਬਰਾਮਦ ਹੋਈ। ਪੁਲਿਸ ਅਨੁਸਾਰ ਇਨ੍ਹਾਂ ਨੇ ਪਿੰਡ ਨੱਟਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਮੁਲਜ਼ਮ ਹੈਰੋਇਨ ਸਪਲਾਈ ਕਰਨ ਦਾ ਧੰਦਾ ਕਰਦੇ ਹਨ। ਸੂਚਨਾ ਮਿਲਣ ‘ਤੇ ਪੁਲਿਸ ਨੇ ਧੂਰੀ ਲਾਈਨ ਇਲਾਕੇ ‘ਚ ਹੈਰੋਇਨ ਸਪਲਾਈ ਕਰਨ ਜਾ ਰਹੇ ਤਿੰਨ ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ, ਅਮਨਦੀਪ ਸਿੰਘ ਅਤੇ ਮਨਦੀਪ ਸਿੰਘ ਵਜੋਂ ਹੋਈ ਹੈ। ਇਨ੍ਹਾਂ ਕੋਲੋਂ 103 ਗ੍ਰਾਮ ਹੈਰੋਇਨ, 1.94 ਲੱਖ ਦੀ ਡਰੱਗ ਮਨੀ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲਾਡੀਆਂ ਕਲਾਂ ‘ਚ ਨਾਕਾਬੰਦੀ ਦੌਰਾਨ ਹੈਬੋਵਾਲ ਪੁਲਿਸ ਨੇ ਤਸਕਰ ਔਰਤ ਨੂੰ ਕਾਬੂ ਕੀਤਾ। ਮੁਲਜ਼ਮ ਦੀ ਪਛਾਣ ਸੁਮਨ ਵਜੋਂ ਹੋਈ ਹੈ। ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।