ਲੁਧਿਆਣਾ : ਪੰਜਾਬ ਦੇ ਅਮੀਰ ਖੇਡ ਵਿਰਸੇ ਦਾ ਪ੍ਰਤੀਕ ਪਿੰਡ ਕਿਲ੍ਹਾ ਰਾਏਪੁਰ ਦਾ 83ਵਾਂ ਰੂਰਲ ਸਪੋਰਟਸ ਫੈਸਟੀਵਲ ਸ਼ਾਨੋ-ਸ਼ੌਕਤ ਨਾਲ ਨੇਪਰੇ ਚੜ੍ਹ ਗਿਆ। ਤਿੰਨ ਦਿਨਾਂ ਖੇਡਾਂ ਦੌਰਾਨ ਪੰਜਾਬ ਦੀਆਂ ਵਿਰਾਸਤੀ ਖੇਡਾਂ, ਉਲੰਪਿਕ ਲਹਿਰ ਨਾਲ ਸਬੰਧਤ ਖੇਡਾਂ, ਮਾਰਸ਼ਲ ਆਰਟ ਤੇ ਪੰਜਾਬ ਦੇ ਲੋਕ ਨਾਚ ਖਿੱਚ ਦਾ ਕੇਂਦਰ ਰਹੇ।
ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਲਈ ਵਿਧਾਇਕਾ ਰਾਜਿੰਦਰ ਕੌਰ ਛੀਨਾ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਪ੍ਰਬੰਧਕਾਂ ਤੇ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ ਕਿ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਰੰਗਲੇ ਪੰਜਾਬ ਦਾ ਸੁਫਨਾ ਸਕਾਰ ਕਰਨ ‘ਚ ਯੋਗਦਾਨ ਪਾ ਰਹੇ ਹਨ। ਇੰਨ੍ਹਾਂ ਖੇਡਾਂ ਦੌਰਾਨ ਹਰ ਰੋਜ਼ ਦੇਸ਼-ਵਿਦੇਸ਼ ਦੇ ਹਜ਼ਾਰਾਂ ਦਰਸ਼ਕਾਂ ਨੇ ਇੰਨ੍ਹਾਂ ਖੇਡਾਂ ਦਾ ਅਨੰਦ ਮਾਣਿਆ।
ਸਵ. ਮਾਤਾ ਕੁਲਦੀਪ ਕੌਰ ਗਰੇਵਾਲ ਅਤੇ ਸਵ. ਕਮਲਜੀਤ ਸਿੰਘ ਗਰੇਵਾਲ (ਕਮਲ) ਨੂੰ ਸਮਰਪਿਤ ਇੰਨ੍ਹਾਂ ਖੇਡਾਂ ਦੀ ਸਫਲਤਾ ਲਈ ਪ੍ਰਵਾਸੀ ਵੀਰਾਂ, ਗ੍ਰਾਮ ਪੰਚਾਇਤ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਦਾ ਭਰਵਾਂ ਸਹਿਯੋਗ ਰਿਹਾ।
ਸਪੋਰਟਸ ਫੈਸਟੀਵਲ ਦੇ ਆਖਰੀ ਦਿਨ ਘੋੜ ਸਵਾਰੀ, ਵਿਅਕਤੀਗਤ ਮੁਕਾਬਲੇ, ਪੰਜਾਬ ਸਟਾਈਲ ਕਬੱਡੀ, ਹਾਕੀ ਤੇ ਅਥਲੈਟਿਕਸ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਖੇਡਾਂ ਦੇ ਆਖਰੀ ਦਿਨ ਹਾਕੀ ਉਲੰਪਿੀਅਨ ਰਾਜਿੰਦਰ ਸਿੰਘ ਤੇ ਹਰਦੀਪ ਸਿੰਘ ਗਰੇਵਾਲ, ਦਰੋਣਾਚਾਰੀਆ ਬਲਦੇਵ ਸਿੰਘ ਸ਼ਾਹਬਾਦ ਮਾਰਕੰਡਾ ਤੇ ਸਾਬਕਾ ਪੁਲਿਸ ਅਧਿਕਾਰੀ ਜਤਿੰਦਰ ਸਿੰਘ ਔਲਖ ਨੂੰ ਵਿਸ਼ੇਸ਼ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਵਿਰਾਸਤੀ ਖੇਡਾਂ ਛੋਟੇ ਬੱਚਿਆਂ ਦੇ ਕੁਸ਼ਤੀ ਮੁਕਾਬਲਿਆਂ ‘ਚ ਰਾਜਸਥਾਨ ਤੋਂ ਆਏ ਲਾਡੀ ਨੇ ਮੁਹੰਮਦ ਇਸਹਾਕ ਨੂੰ ਹਰਾਕੇ ਗੁਰਜ ਜਿੱਤੀ। ਗਿਨੀਜ਼ ਬੁੱਕ ‘ਚ ਰਿਕਾਰਡ ਦਰਜ ਕਰਵਾਉਣ ਵਾਲੇ ਰਾਜਿੰਦਰ ਕੁਮਾਰ ਨੇ ਕੰਨਾਂ ਨਾਲ 63 ਕਿਲੋ ਵਜ਼ਨ ਚੁੱਕਿਆ। ਬਰੇਲੀ ਤੋਂ ਆਏ ਜੀਸ਼ਾਨ ਤੇ ਗਿਆਸੂਦੀਨ ਰੇਲਗੱਡੀ ਚਲਾਈ।
ਹਰਜਿੰਦਰ ਸਿੰਘ ਕਾਲੇਕਾ ਤੇ ਅਮਨਿੰਦਰ ਸਿੰਘ ਪਟਿਆਲਾ ਨੇ ਮੋਟਰਸਾਈਕਲਾਂ ‘ਤੇ ਕਰਤੱਬ ਦਿਖਾਏ। ਪੱਟੀ (ਤਰਨਤਾਰਨ) ਤੋਂ ਆਏ ਪੰਜਾਬ ਸਿੰਘ ਨੇ ਆਪਣੇ ਡੌਲਿਆਂ ਨਾਲ ਚਾਰ ਮੋਟਰਸਾਈਕਲਾਂ ਨੂੰ ਰੋਕਿਆ। ਸੁਖਚਰਨ ਸਿੰਘ ਬਰਾੜ ਮੁਕਤਸਰ ਨੇ ਪੈਰਾਗਲਾਈਡਿੰਗ ਦਾ ਸ਼ੋਅ ਪੇਸ਼ ਕਰਕੇ ਖੇਡਾਂ ਨੂੰ ਸਿਖਰ ‘ਤੇ ਪਹੁੰਚਾ ਦਿੱਤਾ।
75 ਸਾਲਾ ਹਰਦਮ ਸਿੰਘ ਆਲਮਗੀਰ ਨੇ ਡੰਡ ਮਾਰੇ।ਜਗਦੀਪ ਸਿੰਘ ਮਤੋਈ ਨੇ ਦੰਦਾਂ ਨਾਲ ਕਾਰ ਖਿੱਚੀ। ਅਪੋਲੋ ਟਾਇਰ ਰੇਸ ‘ਚ ਜਗਤਾਰ ਸਿੰਘ ਜੜਤੋਲੀ ਨੇ ਪਹਿਲਾ, ਗੁਰਪ੍ਰੀਤ ਸਿੰਘ ਸੰਗਰੂਰ ਨੇ ਦੂਸਰਾ ਤੇ ਨੀਰਜ ਕੁਮਾਰ ਗੁਹਾਣਾ (ਹਰਿਆਣਾ) ਨੇ ਤੀਸਰਾ ਸਥਾਨ ਹਾਸਿਲ ਕੀਤਾ।
ਟੀਮ ਮੁਕਾਬਲੇ:-ਲੜਕੀਆਂ ਦੇ ਵਰਗ ‘ਚ ਸਵੈਚ ਹਾਕੀ ਅਕੈਡਮੀ ਸੋਨੀਪਤ ਨੇ ਖਾਲਸਾ ਫਿਜੀਕਲ ਕਾਲਜ ਅਮ੍ਰਿਤਸਰ ਨੂੰ 2-1 ਗੋਲਾਂ ਨਾਲ ਹਰਾਕੇ, 75 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ। ਪੁਰਸ਼ਾਂ ਦੇ ਵਰਗ ‘ਚ ਮੇਜ਼ਬਾਨ ਕਿਲ੍ਹਾ ਰਾਏਪੁਰ ਦੀ ਟੀਮ ਨੇ ਸ਼ਾਹਬਾਦ ਮਾਰਕੰਡਾ ਦੀ ਟੀਮ ਨੂੰ ਟਾਈਬਰੇਕਰ ਰਾਹੀ 2-1(1-1) ਗੋਲਾਂ ਨਾਲ ਹਰਾਕੇ ਖਿਤਾਬ ਜਿੱਤਿਆ। ਸਰਕਲ ਕਬੱਡੀ ‘ਚ ਪੰਜਾਬ ਦੀਆਂ ਮੁਟਿਆਰਾਂ ਨੇ ਹਰਿਆਣਾ ਨੂੰ 26-18 ਨਾਲ ਹਰਾਕੇ ਕੱਪ ਜਿੱਤਿਆ।
ਅਥਲੈਟਿਕਸ ਦੇ ਨਤੀਜੇ:- ਕਿਲ੍ਹਾ ਰਾਏਪੁਰ ਦੇ 83ਵੇਂ ਰੂਰਲ ਸਪੋਰਟਸ ਫੈਸਟੀਵਲ ਦੇ ਆਖਰੀ ਦਿਨ ਅਥਲੈਟਿਕਸ (ਲੜਕੀਆਂ) ਦੇ 200 ਮੀਟਰ ਦੌੜ ਮੁਕਾਬਲੇ ‘ਚ ਸੁਖਵਿੰਦਰ ਕੌਰ ਪਟਿਆਲਾ ਪਹਿਲੇ, ਗੁਰਜੋਤ ਕੌਰ ਹੁਸ਼ਿਆਰਪੁਰ ਦੂਸਰੇ ਤੇ ਸਨੇਹਾ ਜਲੰਧਰ ਤੀਸਰੇ, 800 ਮੀਟਰ ਦੌੜ ‘ਚ ਗੁਰਜੋਤ ਕੌਰ ਹੁਸ਼ਿਆਰਪੁਰ ਪਹਿਲੇ, ਸੁਖਵਿੰਦਰ ਕੌਰ ਪਟਿਆਲਾ ਦੂਸਰੇ ਤੇ ਸੁਨੇਹਾ ਜਲੰਧਰ ਤੀਸਰੇ ਤੇ ਰਿਹਾ।
ਉੱਚੀ ਛਾਲ ਮੁਕਾਬਲੇ ‘ਚ ਕਮਲਜੀਤ ਕੌਰ ਲੁਧਿਆਣਾ ਪਹਿਲੇ, ਗੁਰਜੋਤ ਕੌਰ ਹੁਸ਼ਿਆਰਪੁਰ ਦੂਸਰੇ ਤੇ ਦੀਪਤੀ ਲੁਧਿਆਣਾ ਤੀਸਰੇ ਸਥਾਨ ‘ਤੇ ਰਹੀ। ਲੜਕਿਆਂ ਦੀ 200 ਮੀਟਰ ਦੌੜ ‘ਚ ਲਵਪ੍ਰੀਤ ਸਿੰਘ ਸੰਗਰੂਰ ਪਹਿਲੇ, ਅਭਿਸ਼ੇਕ ਸ਼ਰਮਾ ਹੁਸ਼ਿਆਰਪੁਰ ਦੂਸਰੇ ਅਤੇ ਜਸ਼ਨਦੀਪ ਸਿੰਘ ਲੁਧਿਆਣਾ ਤੀਸਰੇ ਸਥਾਨ ‘ਤੇ ਰਿਹਾ।
ਲੜਕਿਆਂ ਦੇ 400 ਮੀਟਰ ਦੌੜ ‘ਚ ਲਵਪ੍ਰੀਤ ਸਿੰਘ ਸੰਗਰੂਰ ਨੇ ਪਹਿਲਾ, ਜਸ਼ਨਦੀਪ ਸਿੰਘ ਲੁਧਿਆਣਾ ਨੇ ਦੂਸਰਾ ਤੇ ਜ਼ੇਮਨ ਬੁਰਜੋ ਹੁਸ਼ਿਆਰਪੁਰ ਨੇ ਤੀਸਰਾ, ਲੜਕੀਆਂ ‘ਚ ਗੁਰਜੋਤ ਕੌਰ ਹੁਸ਼ਿਆਰਪੁਰ ਪਹਿਲਾ, ਸੁਖਵਿੰਦਰ ਕੌਰ ਪਟਿਆਲਾ ਨੇ ਦੂਸਰਾ ਤੇ ਜਸ਼ਪ੍ਰੀਤ ਕੌਰ ਲੁਧਿਆਣਾ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀ 100 ਮੀਟਰ ਦੌੜ ‘ਚ ਅਨੀਸ਼ ਜੰਡਿਆਲੀ ਨੇ ਪਹਿਲਾ, ਗੁਰਜੋਤ ਸਿੰਘ ਨਮੋਲ ਨੇ ਦੂਸਰਾ ਤੇ ਸੂਰਜ ਕੁਮਾਰ ਕਿਲ੍ਹਾ ਰਾਏਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਵਰਗ ‘ਚ ਮੀਨਾ ਜਾਖੜ ਨੇ ਪਹਿਲਾ, ਹਰਮਨ ਸੰਗਰੂਰ ਨੇ ਦੂਸਰਾ ਤੇ ਅਮ੍ਰਿਤਾ ਜੰਡਿਆਲੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲੜਕਿਆਂ ਦੇ 100 ਮੀਟਰ ਦੌੜ ਅਭਿਸ਼ੇਕ ਸ਼ਰਮਾ ਹੁਸ਼ਿਆਰਪੁਰ ਪਹਿਲਾ, ਲਵਪ੍ਰੀਤ ਸਿੰਘ ਸੰਗਰੂਰ ਦੂਸਰਾ ਤੇ ਕਰਨਜੋਤ ਸਿੰਘ ਲੁਧਿਆਣਾ ਤੀਸਰੇ ਸਥਾਨ ‘ਤੇ ਰਿਹਾ।