ਲੁਧਿਆਣਾ : ਯੂਕਰੇਨ ‘ਚ ਡਾਕਟਰੀ ਕਰਨ ਗਏ ਵਿਦਿਆਰਥੀਆਂ ਸਮੇਤ 400 ਦੇ ਕਰੀਬ ਭਾਰਤੀ ਵਿਅਕਤੀ ਫਸ ਗਏ ਹਨ, ਜਿਨ੍ਹਾਂ ਨੇ ਫਿਲਹਾਲ ਭਾਰਤੀ ਅੰਬੈਸੀ ‘ਚ ਪਨਾਹ ਲੈ ਲਈ ਹੈ। ਇਨ੍ਹਾਂ ਫਸੇ ਵਿਦਿਆਰਥੀਆਂ ‘ਚ ਮਾਛੀਵਾੜਾ ਤੋਂ ਡਾਕਟਰੀ ਕਰਨ ਗਿਆ ਡਾ. ਸੰਜੀਵ ਗਰਗ ਦਾ ਸਪੁੱਤਰ ਡਾ. ਆਯੂਸ਼ ਗਰਗ ਵੀ ਸ਼ਾਮਲ ਹੈ। ਮਾਛੀਵਾੜਾ ਵਿਖੇ ਡਾਕਟਰੀ ਕਰਦੇ ਡਾ. ਸੰਜੀਵ ਗਰਗ ਨਾਲ ਉਨ੍ਹਾਂ ਦੇ ਪੁੱਤਰ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਤੋਂ ਰੂਸ ਵਲੋਂ ਯੂਕਰੇਨ ‘ਤੇ ਹਮਲਾ ਕੀਤਾ ਹੈ ਉਸ ਦਿਨ ਤੋਂ ਹੀ ਭਾਰਤੀ ਵਿਦਿਆਰਥੀ ਤੇ ਹੋਰ ਵਸਦੇ ਲੋਕ ਵਾਪਸ ਆਪਣੇ ਦੇਸ਼ ਪਰਤਣਾ ਚਾਹੁੰਦੇ ਹਨ।
ਗਰਗ ਅਨੁਸਾਰ ਉਨ੍ਹਾਂ ਦਾ ਪੁੱਤਰ ਯੂਕਰੇਨ ਦੀ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ‘ਚ ਪੜ੍ਹਦਾ ਹੈ ਤੇ ਉੱਥੇ ਰੂਸ ਵਲੋਂ ਬੰਬਬਾਰੀ ਕੀਤੀ ਗਈ। ਵੱਡੀ ਗਿਣਤੀ ਵਿਦਿਆਰਥੀ ਜਿਨ੍ਹਾਂ ਨੇ ਰਾਜਧਾਨੀ ਕੀਵ ਦੇ ਏਅਰਪੋਰਟ ਤੋਂ ਭਾਰਤ ਆਉਣ ਲਈ ਫਲਾਈਟ ਲੈਣੀ ਸੀ ਤੇ ਜਿਉਂ ਹੀ ਉਹ ਸਾਰੇ ਏਅਰਪੋਰਟ ਪੁੱਜੇ ਤਾਂ ਉੱਥੇ ਉਨ੍ਹਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਏਅਰਪੋਰਟ ‘ਤੇ ਤਾਇਨਾਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਥੇ ਵੀ ਰੂਸ ਵਲੋਂ ਬੰਬਬਾਰੀ ਕੀਤੀ ਗਈ ਹੈ, ਜਿਸ ਕਾਰਨ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਹਨ।
ਡਾ. ਗਰਗ ਨੇ ਦੱਸਿਆ ਭਾਰਤ ਸਰਕਾਰ ਵਲੋਂ 22, 24 ਤੇ 26 ਫਰਵਰੀ ਨੂੰ ਦਿੱਲੀ ਤੋਂ ਏਅਰ ਇੰਡੀਆ ਦੀਆਂ ਫਲਾਈਟਾਂ ਭੇਜਣ ਦੀ ਪਲਾਨ ਬਣਾਇਆ ਗਿਆ ਸੀ ਜਿਸ ਤਹਿਤ 22 ਤਰੀਕ ਨੂੰ ਜੋ ਫਲਾਈਟ ਗਈ ਉਸ ‘ਚ 247 ਵਿਅਕਤੀ ਭਾਰਤ ਪਰਤੇ ਜਦਕਿ 24 ਤਰੀਕ ਵਾਲੀ ਫਲਾਈਟ ‘ਚ ਉਨ੍ਹਾਂ ਦੇ ਪੁੱਤਰ ਨੇ ਵੀ ਆਉਣਾ ਸੀ ਜੋ ਕਿ ਬੰਬਬਾਰੀ ਹੋਣ ਕਾਰਨ ਈਰਾਨ ਤੋਂ ਹੀ ਵਾਪਸ ਭਾਰਤ ਆ ਗਈ।
ਆਯੂਸ਼ ਨੇ ਫੋਨ ‘ਤੇ ਦੱਸਿਆ ਉਹ ਇੱਧਰ ਭਾਰਤੀ ਅੰਬੈਸੀ ਵਿਖੇ ਪਨਾਹ ਲੈ ਕੇ ਬੈਠੇ ਹਨ ਤੇ ਜਦੋਂ ਭਾਰਤ ਤੋਂ ਕੋਈ ਫਲਾਈਟ ਆਵੇਗੀ ਤਾਂ ਉਹ ਜਲਦ ਹੀ ਇੱਧਰੋਂ ਨਿਕਲ ਆਉਣਗੇ। ਡਾ. ਗਰਗ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਯੂਕਰੇਨ ‘ਚ ਫਸੇ ਉਨ੍ਹਾਂ ਦੇ ਪੁੱਤਰ ਤੋਂ ਇਲਾਵਾ ਜਿੰਨੇ ਵੀ ਭਾਰਤੀ ਹਨ ਉਨ੍ਹਾਂ ਨੂੰ ਸੁਰੱਖਿਅਤ ਦੇਸ਼ ਵਾਪਸ ਲਿਆਉਣਾ ਯਕੀਨੀ ਬਣਾਇਆ ਜਾਵੇ।