ਮੋਗਾ : ਸ਼ਹਿਰ ਵਿੱਚ ਵੱਧ ਰਹੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਅਤੇ ਨਸ਼ਿਆਂ ਦੇ ਖਾਤਮੇ ਲਈ ਪੁਲੀਸ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਟਰੈਫਿਕ ਪੁਲੀਸ ਨੇ ਮੋਗਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕੇ ਲਾ ਕੇ ਵਾਹਨਾਂ ਦੇ ਕਾਗਜ਼ਾਤ ਚੈੱਕ ਕੀਤੇ।
ਇਸ ਸਬੰਧੀ ਅੱਜ ਮੋਗਾ ਪੁਲਿਸ ਵੱਲੋਂ ਮੋਗਾ ਦੇ ਲਾਲ ਸਿੰਘ ਰੋਡ ‘ਤੇ ਹੌਟਸਪੌਟ ਮੰਨੀ ਜਾਂਦੀ ਸਾਧਾਂਵਾਲੀ ਬਸਤੀ ਵਿਖੇ ਨਾਕਾਬੰਦੀ ਕੀਤੀ ਗਈ, ਜਿੱਥੇ ਆਉਣ-ਜਾਣ ਵਾਲੇ ਹਰੇਕ ਵਾਹਨ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਕਈ ਵਾਹਨਾਂ ਦੇ ਚਲਾਨ ਕੱਟੇ ਗਏ, ਜਦਕਿ ਕਈਆਂ ਨੂੰ ਮੌਕੇ ‘ਤੇ ਹੀ ਰੋਕਿਆ ਗਿਆ।ਇਸ ਮੌਕੇ ਡੀ.ਐਸ.ਪੀ ਟ੍ਰੈਫਿਕ ਜ਼ੋਰਾ ਸਿੰਘ, ਟ੍ਰੈਫਿਕ ਇੰਚਾਰਜ ਖੇਮ ਚੰਦ ਪਰਾਸ਼ਰ ਅਤੇ ਪੁਲਸ ਪਾਰਟੀ ਹਾਜ਼ਰ ਸਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ. ਟ੍ਰੈਫਿਕ ਜ਼ੋਰਾ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ, ਡੀ.ਜੀ.ਪੀ.ਪੰਜਾਬ ਅਤੇ ਐੱਸ.ਐੱਸ.ਪੀ. ਮੋਗਾ ਅਜੈ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ |