ਲੁਧਿਆਣਾ : ਸੋਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਵਲੋਂ ਇਕ ਜਨਤਕ ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਉਮੀਦਵਾਰਾਂ ਦਾ ਰਿਜਲਟ ਰੋਕਣ ਦੀ ਚਿਤਾਵਨੀ ਦਿੱਤੀ ਗਈ ਹੈ, ਜਿਨ੍ਹਾਂ ਨੇ ਪ੍ਰੀਖਿਆ ’ਚ ਬੈਠਣ ਤੋਂ ਬਾਅਦ ਵੀ ਰਜਿਸਟਰੇਸ਼ਨ ਫੀਸ ਹੁਣ ਤੱਕ ਜਮ੍ਹਾ ਨਹੀਂ ਕਰਵਾਈ।
ਉਕਤ ਬਾਰੇ ਜਾਰੀ ਇਕ ਪੱਤਰ ਮੁਤਾਬਕ ਤਲਵਾੜਾ ’ਚ ਕਲਾਸ 9ਵੀਂ (ਕੇਵਲ ਲੜਕੀਆਂ ਲਈ) ਅਤੇ ਸੀਨੀਅਰ ਸੈਕੰਡਰੀ ਰਿਹਾਇਸ਼ੀ ਸਕੂਲਾਂ ਜੋ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਲੁਧਿਆਣਾ ’ਚ ਸਥਿਤ ਹਨ, ਵਿਚ 11ਵੀਂ ਕਲਾਸ (ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਸਟ੍ਰੀਮ) ’ਚ ਦਾਖਲੇ ਲਈ ਪੰਜਾਬ ਸੂਬੇ ਦੇ ਵੱਖ-ਵੱਖ ਜ਼ਿਲਿਆਂ ਮੋਹਾਲੀ, ਪਟਿਆਲਾ, ਸੰਗਰੂਰ ਅਤੇ ਤਲਵਾੜਾ ’ਚ ਪ੍ਰਵੇਸ਼ ਪ੍ਰੀਖਿਆ 11 ਜੂਨ ਨੂੰ ਆਯੋਜਿਤ ਕੀਤੀ ਗਈ ਸੀ।
ਮਾਪਿਆਂ ਅਤੇ ਉਮੀਦਵਾਰ ਤੋਂ ਪ੍ਰਾਪਤ ਬਿਨੈਪੱਤਰ ਦੇ ਮੱਦੇਨਜ਼ਰ ਇਸ ਤਰ੍ਹਾਂ ਦੇ ਉਮੀਦਵਾਰਾਂ ਨੂੰ ਸਵੈ-ਘੋਸ਼ਣਾ ਪੱਤਰ ਦੇਣ ਦੇ ਉਪਰੰਤ ਮੌਜੂਦ ਹੋਣ ਦਾ ਮੌਕਾ ਦਿੱਤਾ ਗਿਆ, ਜਿਨ੍ਹਾਂ ਨੇ ਪ੍ਰਵੇਸ਼ ਲਈ ਰਜਿਸਟਰੇਸ਼ਨ ਕਰਵਾਇਆ ਸੀ ਪਰ ਕਿਸੇ ਕਾਰਨਵੱਸ਼ ਆਪਣੀ ਫੀਸ ਜਮਾ ਨਹੀਂ ਕਰਵਾ ਸਕੇ ਸੀ ਜਾਂ ਉਮੀਦਵਾਰਾਂ ਵਲੋਂ ਦਿੱਤੀ ਗਈ ਫੀਸ ਉਨ੍ਹਾਂ ਦੇ ਖਾਤੇ ਤੋਂ ਕੱਟੀ ਨਹੀਂ ਗਈ ਸੀ।
ਹੁਣ ਸੋਸਾਇਟੀ ਨੇ ਨੋਟਿਸ ਜਾਰੀ ਕਰਦੇ ਹੋਏ ਉਮੀਦਵਾਰ ਜਿਨ੍ਹਾਂ ਨੂੰ ਫੀਸ ਬਾਅਦ ’ਚ ਜਮ੍ਹਾ ਕਰਵਾਉਣ ਦਾ ਸਵੈ-ਘੋਸ਼ਣਾ ਪੱਤਰ ਲੈਣ ਤੋਂ ਬਾਅਦ ਪ੍ਰਵੇਸ਼ ਪ੍ਰੀਖਿਆ ’ਚ ਬੈਠਣ ਦੀ ਮਨਜ਼ੂਰੀ ਦਿੱਤੀ ਗਈ ਸੀ, ਉਹ ਜਾਂ ਤਾਂ ਮੈਰੀਟੋਰੀਅਸ ਸਕੂਲ ਜਾਂ ਮੈਰੀਟੋਰੀਅਸ ਸੋਸਾਇਟੀ ਦੇ ਖਾਤੇ ’ਚ ਆਪਣੀ ਰਜਿਸਟਰੇਸ਼ਨ ਫੀਸ ਜਮ੍ਹਾ ਕਰਵਾ ਦੇਣ, ਨਹੀਂ ਤਾਂ ਫੀਸ ਜਮਾ ਕਰਵਾਉਣ ’ਚ ਅਸਫਲ ਰਹਿਣ ਵਾਲੇ ਉਮੀਦਵਾਰਾਂ ਦਾ ਨਤੀਜਾ ਨਹੀਂ ਐਲਾਨਿਆ ਜਾਵੇਗਾ।